A worshiper presenting an unblemished bull as priests prepare the bronze altar

ਲੇਵੀਆਂ ਦੀ ਪੋਥੀ 1

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਲੇਵੀਆਂ ਦੀ ਪੋਥੀ 1 ਵੱਗ, ਇੱਜੜ ਜਾਂ ਪੰਛੀਆਂ ਤੋਂ ਹੋਮ ਬਲੀਆਂ ਦੀ ਵਿਆਖਿਆ ਕਰਦਾ ਹੈ। ਉਪਾਸਕ ਇੱਕ ਬੇਦਾਗ਼ ਪਸ਼ੂ ਪੇਸ਼ ਕਰਦਾ ਹੈ, ਹੱਥ ਰੱਖ ਕੇ ਇਸ ਨਾਲ ਪਛਾਣ ਬਣਾਉਂਦਾ ਹੈ, ਅਤੇ ਜਾਜਕ ਪ੍ਰਾਸਚਿਤ ਤੇ ਉਪਾਸਨਾ ਦੇ ਕੰਮ ਵਜੋਂ ਭੇਟ ਨੂੰ ਵੇਦੀ ਉੱਤੇ ਵਿਵਸਥਿਤ ਕਰਦੇ ਹਨ।
ਹੋਮ ਬਲੀਪ੍ਰਾਸਚਿਤਉਪਾਸਨਾਜਾਜਕੀ ਸੇਵਾ
1ਯਹੋਵਾਹ ਨੇ ਮੂਸਾ ਨੂੰ ਸੱਦਿਆ ਅਤੇ ਉਸ ਨੂੰ ਮੰਡਲੀ ਦੇ ਡੇਰੇ ਵਿੱਚੋਂ ਆਖਿਆ,
2“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਮਨੁੱਖ ਯਹੋਵਾਹ ਦੇ ਅੱਗੇ ਭੇਟ ਲਿਆਵੇ ਤਾਂ ਤੁਸੀਂ ਪਸ਼ੂਆਂ ਵਿੱਚੋਂ ਅਰਥਾਤ ਵੱਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਟ ਲਿਆਉਣਾ।”
3“ਜੇਕਰ ਉਸ ਦੀ ਭੇਟ ਇੱਜੜ ਵਿੱਚੋਂ ਇੱਕ ਹੋਮ ਬਲੀ ਹੋਵੇ ਤਾਂ ਉਹ ਇੱਕ ਦੋਸ਼ ਰਹਿਤ ਨਰ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਨੂੰ ਸਵੀਕਾਰ ਹੋਵੇ।
4ਉਹ ਆਪਣਾ ਹੱਥ ਉਸ ਹੋਮ ਬਲੀ ਦੇ ਪਸ਼ੂ ਦੇ ਸਿਰ ਉੱਤੇ ਰੱਖੇ ਅਤੇ ਉਹ ਉਸ ਦਾ ਪ੍ਰਾਸਚਿਤ ਕਰਨ ਲਈ ਉਸ ਦੇ ਵੱਲੋਂ ਸਵੀਕਾਰ ਕੀਤਾ ਜਾਵੇਗਾ।
5ਅਤੇ ਉਹ ਉਸ ਬਲ਼ਦ ਨੂੰ ਯਹੋਵਾਹ ਦੇ ਅੱਗੇ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਸ ਦਾ ਲਹੂ ਲੈ ਕੇ ਉਸ ਜਗਵੇਦੀ ਦੇ ਚੁਫ਼ੇਰੇ ਛਿੜਕਣ ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਕੋਲ ਹੈ।
6ਉਹ ਉਸ ਹੋਮ ਬਲੀ ਦੇ ਪਸ਼ੂ ਦੀ ਖੱਲ ਉਧੇੜ ਲਵੇ ਅਤੇ ਉਸ ਨੂੰ ਟੁੱਕੜੇ-ਟੁੱਕੜੇ ਕਰੇ।
7ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜਾਂ ਚਿਣਨ।
8ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਉਹ ਸਿਰ ਅਤੇ ਚਰਬੀ ਸਮੇਤ ਪਸ਼ੂ ਦੇ ਟੁੱਕੜਿਆਂ ਨੂੰ ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ, ਸੁਧਾਰ ਕੇ ਰੱਖਣ।
9ਪਰ ਉਸ ਦੀਆਂ ਆਂਦਰਾਂ ਅਤੇ ਉਸ ਦੀਆਂ ਲੱਤਾਂ ਪਾਣੀ ਦੇ ਨਾਲ ਧੋ ਲੈਣ ਅਤੇ ਜਾਜਕ ਸਭ ਕੁਝ ਜਗਵੇਦੀ ਦੇ ਉੱਤੇ ਹੋਮ ਬਲੀ ਕਰਕੇ ਯਹੋਵਾਹ ਦੇ ਅੱਗੇ ਸੁਗੰਧਤਾ ਲਈ ਇੱਕ ਅੱਗ ਦੀ ਭੇਟ ਕਰਕੇ ਸਾੜੇ।”
10“ਅਤੇ ਜੇਕਰ ਉਸ ਦੀ ਭੇਟ ਇੱਜੜਾਂ ਵਿੱਚੋਂ ਹੋਵੇ ਅਰਥਾਤ ਭੇਡਾਂ ਜਾਂ ਬੱਕਰਿਆਂ ਦੀ ਹੋਮ ਬਲੀ ਤਾਂ ਉਹ ਇੱਕ ਦੋਸ਼ ਰਹਿਤ ਨਰ ਲਿਆਵੇ,
11ਅਤੇ ਉਹ ਉਸ ਨੂੰ ਯਹੋਵਾਹ ਦੇ ਅੱਗੇ ਜਗਵੇਦੀ ਦੀ ਉੱਤਰ ਦਿਸ਼ਾ ਵੱਲ ਵੱਢੇ ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ, ਜਗਵੇਦੀ ਦੇ ਚੁਫ਼ੇਰੇ ਉਸ ਦਾ ਲਹੂ ਛਿੜਕਣ।
12ਉਹ ਉਸ ਨੂੰ ਟੁੱਕੜੇ-ਟੁੱਕੜੇ ਕਰੇ ਅਤੇ ਉਸ ਦੇ ਸਿਰ ਅਤੇ ਚਰਬੀ ਨੂੰ ਵੱਖਰਾ ਕਰੇ ਅਤੇ ਜਾਜਕ ਇਨ੍ਹਾਂ ਨੂੰ ਉਸ ਲੱਕੜ ਉੱਤੇ ਸੁਧਾਰ ਕੇ ਰੱਖਣ ਜੋ ਜਗਵੇਦੀ ਦੀ ਅੱਗ ਉੱਤੇ ਹੈ।
13ਪਰ ਉਸ ਦੀਆਂ ਆਂਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਇਹ ਸਭ ਕੁਝ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾਹ ਦੇ ਲਈ ਹੋਮ ਬਲੀ ਅਤੇ ਸੁਗੰਧਤਾ ਲਈ ਅੱਗ ਦੀ ਇੱਕ ਭੇਟ ਹੈ।”
14“ਜੇਕਰ ਉਹ ਯਹੋਵਾਹ ਦੇ ਲਈ ਪੰਛੀਆਂ ਦੀ ਹੋਮ ਦੀ ਭੇਟ ਚੜ੍ਹਾਵੇ ਤਾਂ ਉਹ ਘੁੱਗੀਆਂ ਜਾਂ ਕਬੂਤਰਾਂ ਦੇ ਬੱਚਿਆਂ ਵਿੱਚੋਂ ਆਪਣੀ ਭੇਟ ਲਿਆਵੇ।
15ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦੀ ਗਰਦਨ ਮਰੋੜ ਕੇ ਸਿਰ ਨੂੰ ਧੜ ਤੋਂ ਅਲੱਗ ਕਰੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸਦਾ ਲਹੂ ਜਗਵੇਦੀ ਦੇ ਇੱਕ ਪਾਸੇ ਡੋਲ੍ਹ ਦੇਵੇ।
16ਉਹ ਉਸ ਦੇ ਖੰਭਾਂ ਸਮੇਤ ਉਸ ਦੀ ਚੁੰਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਵੱਲ ਸੁਆਹ ਦੇ ਸਥਾਨ ਵਿੱਚ ਉਸ ਨੂੰ ਸੁੱਟ ਦੇਵੇ।
17ਉਹ ਖੰਭਾਂ ਦੇ ਵਿੱਚੋਂ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ-ਵੱਖ ਨਾ ਕਰੇ, ਫੇਰ ਜਾਜਕ ਉਹ ਨੂੰ ਉਸ ਲੱਕੜ ਦੀ ਅੱਗ ਉੱਤੇ ਰੱਖ ਕੇ ਸਾੜੇ ਜੋ ਜਗਵੇਦੀ ਦੇ ਉੱਤੇ ਹੈ। ਇਹ ਯਹੋਵਾਹ ਦੇ ਲਈ ਹੋਮ ਦੀ ਭੇਟ ਅਤੇ ਸੁਗੰਧਤਾ ਲਈ ਅੱਗ ਦੀ ਭੇਟ ਠਹਿਰੇ।”

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.