
ਯਿਰਮਿਯਾਹ 30
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਯਿਰਮਿਯਾਹ ਵਾਅਦੇ ਦਰਜ ਕਰਦਾ ਹੈ ਕਿ ਇਸਰਾਏਲ ਤੇ ਯਹੂਦਾਹ ਗ਼ੁਲਾਮੀ ਤੋਂ ਵਾਪਸ ਆਉਣਗੇ। ਭਾਵੇਂ ਦੁੱਖ ਤੇ ਨਾ ਠੀਕ ਹੋਣ ਵਾਲਾ ਜ਼ਖ਼ਮ ਉਹਨਾਂ ਦੀ ਮੌਜੂਦਾ ਹਾਲਤ ਦੱਸਦੇ, ਪਰਮੇਸ਼ੁਰ ਜ਼ਾਲਮ ਦਾ ਜੂਲਾ ਤੋੜੇਗਾ, ਲੋਕਾਂ ਨੂੰ ਚੰਗਾ ਕਰੇਗਾ, ਭਾਈਚਾਰਾ ਦੁਬਾਰਾ ਬਣਾਏਗਾ, ਤੇ ਉਹਨਾਂ ਵਿੱਚ ਵਫ਼ਾਦਾਰ ਆਗੂਪਣ ਖੜ੍ਹਾ ਕਰੇਗਾ।
ਬਹਾਲੀਚੰਗਾਈਆਜ਼ਾਦੀਆਗੂਪਣ
1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ
2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ, ਪੋਥੀ ਵਿੱਚ ਲਿਖ ਲੈ
3ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜ਼ਾ ਕਰਨਗੇ।
4ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਇਸਰਾਏਲ ਦੇ ਬਾਰੇ ਅਤੇ ਯਹੂਦਾਹ ਦੇ ਬਾਰੇ ਬੋਲਿਆ ਹੈ, -
5ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਸੀਂ ਧੜਕਣ ਦੀ ਅਵਾਜ਼ ਸੁਣੀ, ਭੈਅ ਦੀ, ਅਤੇ ਕੋਈ ਸ਼ਾਂਤੀ ਨਹੀਂ।
6ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ, ਕੀ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ? ਮੈਂ ਕਿਉਂ ਹਰੇਕ ਮਰਦ ਨੂੰ ਦੇਖਦਾ ਹਾਂ ਕਿ ਉਸ ਆਪਣੇ ਹੇਠ ਆਪਣੀਆਂ ਢਾਕਾਂ ਉੱਤੇ ਜਣਨ ਵਾਲੀ ਵਾਂਗੂੰ ਰੱਖੇ ਹੋਏ ਹਨ? ਕਿਉਂ ਸਾਰੀਆਂ ਦੇ ਮੂੰਹ ਪੀਲੇ ਪੈ ਗਏ ਹਨ?
7ਹਾਏ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ।
8ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹ ਦਾ ਜੂਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਣ ਖੋਲ੍ਹ ਦਿਆਂਗਾ, ਅਤੇ ਓਪਰੇ ਫੇਰ ਉਹ ਦੇ ਕੋਲੋਂ ਟਹਿਲ ਨਾ ਕਰਾਉਣਗੇ।
9ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ।
10ਹੇ ਯਾਕੂਬ ਮੇਰੇ ਟਹਿਲੂਏ, ਤੂੰ ਨਾ ਡਰ, ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ, ਤੂੰ ਨਾ ਘਬਰਾ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਬਚਾਵਾਂਗਾ, ਅਤੇ ਤੇਰੀ ਨਸਲ ਨੂੰ ਉਹਨਾਂ ਦੀ ਗ਼ੁਲਾਮੀ ਦੇ ਦੇਸ ਤੋਂ, ਯਾਕੂਬ ਮੁੜੇਗਾ ਅਤੇ ਚੈਨ ਤੇ ਅਰਾਮ ਕਰੇਗਾ, ਅਤੇ ਉਹ ਨੂੰ ਕੋਈ ਨਾ ਡਰਾਵੇਗਾ।
11ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੂਲੋਂ ਮੁੱਢੋਂ ਮੁਕਾ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਖੇਰੂੰ-ਖੇਰੂੰ ਕੀਤਾ, ਪਰ ਮੈਂ ਤੈਨੂੰ ਮੂਲੋਂ ਨਾ ਮੁਕਾਵਾਂਗਾ, ਮੈਂ ਤੈਨੂੰ ਨਰਮਾਈ ਨਾਲ ਘੁਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨ੍ਹਾਂ ਨਾ ਛੱਡਾਂਗਾ।
12ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੇਰਾ ਘਾਓ ਅਸਾਧ ਹੈ, ਅਤੇ ਤੇਰਾ ਫੱਟ ਸਖ਼ਤ ਹੈ।
13ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨ੍ਹੇ, ਤੇਰੇ ਲਈ ਕੋਈ ਦਵਾ-ਦਾਰੂ ਨਹੀਂ।
14ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇ ਤਰਸ ਵੈਰੀ ਦੀ ਸਜ਼ਾ ਨਾਲ, ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਬਹੁਤੇ ਹੋ ਗਏ ਸਨ।
15ਤੂੰ ਆਪਣੀ ਸੱਟ ਲਈ ਕਿਉਂ ਚਿੱਲਾਉਂਦੀ ਹੈਂ? ਤੇਰਾ ਦੁੱਖ ਅਸਾਧ ਹੈ, ਇਸ ਕਰਕੇ ਕਿ ਤੇਰੀ ਬਦੀ ਵੱਧ ਗਈ, ਅਤੇ ਤੇਰੇ ਪਾਪ ਬਹੁਤ ਹੋ ਗਏ, ਮੈਂ ਤੇਰੇ ਨਾਲ ਇਹ ਕੀਤਾ।
16ਇਸ ਲਈ ਉਹ ਸਾਰੇ ਜਿਹੜੇ ਤੈਨੂੰ ਨਿਗਲਦੇ ਹਨ, ਉਹ ਆਪ ਨਿਗਲੇ ਜਾਣਗੇ, ਤੇਰੇ ਸਾਰੇ ਵਿਰੋਧੀ, ਹਾਂ, ਸਾਰੀਆਂ ਦੇ ਸਾਰੇ, ਗ਼ੁਲਾਮੀ ਵਿੱਚ ਜਾਣਗੇ, ਜਿਹੜੇ ਤੈਨੂੰ ਲੁੱਟਦੇ ਹਨ ਉਹ ਆਪ ਲੁੱਟੇ ਜਾਣਗੇ, ਜਿਹੜੇ ਤੈਨੂੰ ਸ਼ਿਕਾਰ ਬਣਾਉਂਦੇ ਮੈਂ ਉਹਨਾਂ ਨੂੰ ਸ਼ਿਕਾਰ ਬਣਾਵਾਂਗਾ,
17ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ਅਛੂਤ” ਆਖਿਆ ਹੈ, “ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ!”
18ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ। ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ।
19ਉਹਨਾਂ ਵਿੱਚੋਂ ਧੰਨਵਾਦ ਅਤੇ ਹੱਸਣ ਵਾਲਿਆਂ ਦੀ ਅਵਾਜ਼ ਨਿੱਕਲੇਗੀ, ਮੈਂ ਉਹਨਾਂ ਨੂੰ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ, ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ, ਉਹ ਛੋਟੇ ਨਾ ਹੋਣਗੇ।
20ਉਹਨਾਂ ਦੇ ਪੁੱਤਰ ਪਹਿਲੇ ਸਮੇਂ ਵਾਂਗੂੰ ਹੋਣਗੇ, ਉਹਨਾਂ ਦੀ ਮੰਡਲੀ ਮੇਰੇ ਅੱਗੇ ਕਾਇਮ ਰਹੇਗੀ, ਮੈਂ ਉਹਨਾਂ ਦੇ ਸਭ ਸਤਾਉਣ ਵਾਲਿਆਂ ਨੂੰ ਸਜ਼ਾ ਦਿਆਂਗਾ।
21ਉਹਨਾਂ ਦਾ ਸ਼ਹਿਜ਼ਾਦਾ ਉਹਨਾਂ ਵਿੱਚ ਹੋਵੇਗਾ, ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਨਿੱਕਲੇਗਾ। ਮੈਂ ਉਹ ਨੂੰ ਨੇੜੇ ਕਰਾਂਗਾ ਅਤੇ ਉਹ ਮੇਰੇ ਕੋਲ ਪਹੁੰਚੇਗਾ, ਉਹ ਕਿਹੜਾ ਹੈ ਜਿਸ ਮੇਰੇ ਕੋਲ ਆਉਣ ਦੀ ਦਿਲੇਰੀ ਕੀਤੀ? ਯਹੋਵਾਹ ਦਾ ਵਾਕ ਹੈ।
22ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।
23ਵੇਖੋ, ਯਹੋਵਾਹ ਦਾ ਤੂਫਾਨ! ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਇੱਕ ਵਾਵਰੋਲੇ ਵਾਲਾ ਤੂਫਾਨ! ਉਹ ਦੁਸ਼ਟਾਂ ਦੇ ਸਿਰ ਉੱਤੇ ਫੁੱਟ ਪਵੇਗਾ!
24ਯਹੋਵਾਹ ਦੇ ਕ੍ਰੋਧ ਦਾ ਤੇਜ਼ ਗੁੱਸਾ ਨਾ ਹਟੇਗਾ, ਜਦ ਤੱਕ ਉਹ ਆਪਣੇ ਮਨ ਦੇ ਪਰੋਜਨ ਪੂਰੇ ਅਤੇ ਸੁਰਜੀਤ ਨਾ ਕਰੇ। ਅੰਤਲੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਮਝੋਗੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.