
ਯਿਰਮਿਯਾਹ 20
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਮੰਦਰ ਦਾ ਅਫ਼ਸਰ ਪਸ਼ਹੂਰ ਯਿਰਮਿਯਾਹ ਨੂੰ ਕੁੱਟਦਾ ਤੇ ਬੇੜੀਆਂ ਵਿੱਚ ਬੰਦ ਕਰਦਾ, ਫਿਰ ਦਹਿਸ਼ਤ ਤੇ ਜਲਾਵਤਨੀ ਦੀ ਚਿਤਾਵਨੀ ਪਾਉਂਦਾ ਹੈ। ਯਿਰਮਿਯਾਹ ਮਖੌਲ ਤੇ ਆਪਣੇ ਬੁਲਾਵੇ ਤੇ ਡੂੰਘਾ ਦੁੱਖ ਪ੍ਰਗਟ ਕਰਦਾ, ਫਿਰ ਵੀ ਬਚਨ ਉਸ ਦੇ ਅੰਦਰ ਅੱਗ ਵਾਂਗ ਬਲਦਾ ਤੇ ਦਬਾਇਆ ਨਹੀਂ ਜਾ ਸਕਦਾ ਹੈ।
ਜ਼ੁਲਮਵਿਰਲਾਪਭਵਿੱਖਸੂਚਕ ਬਚਨਲਗਨ
1ਇੰਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪ੍ਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਇਹ ਗੱਲਾਂ ਕਰਦੇ ਸੁਣਿਆ
2ਤਦ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਉਹ ਨੂੰ ਉਸ ਕਾਠ ਵਿੱਚ ਪਾਇਆ ਜਿਹੜਾ ਬਿਨਯਾਮੀਨ ਦੇ ਉੱਪਰਲੇ ਫਾਟਕ ਵਿੱਚ ਯਹੋਵਾਹ ਦੇ ਭਵਨ ਦੇ ਕੋਲ ਸੀ
3ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਦੂਜੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਕਾਠ ਤੋਂ ਬਾਹਰ ਕੱਢਿਆ ਤਾਂ ਯਿਰਮਿਯਾਹ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਨਾਮ ਪਸ਼ਹੂਰ ਨਹੀਂ ਸਗੋਂ “ਚੌਹੀਂ ਪਾਸੀਂ ਭੈਅ” ਰੱਖਿਆ ਹੈ।
4ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਤੈਨੂੰ ਤੇਰੇ ਲਈ ਅਤੇ ਤੇਰੇ ਸਾਰੇ ਪ੍ਰੇਮੀਆਂ ਲਈ ਭੈਅ ਦਾ ਕਾਰਨ ਬਣਾਵਾਂਗਾ। ਉਹ ਆਪਣੇ ਵੈਰੀਆਂ ਦੀ ਤਲਵਾਰ ਨਾਲ ਡਿੱਗਣਗੇ ਅਤੇ ਇਹ ਤੇਰੀਆਂ ਅੱਖਾਂ ਵੇਖਣਗੀਆਂ। ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਗ਼ੁਲਾਮ ਕਰਕੇ ਬਾਬਲ ਨੂੰ ਲੈ ਜਾਵੇਗਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਾਰੇਗਾ
5ਨਾਲੇ ਮੈਂ ਇਸ ਸ਼ਹਿਰ ਦਾ ਸਾਰਾ ਧਨ, ਉਹ ਦੀ ਸਾਰੀ ਖੱਟੀ ਅਤੇ ਉਹ ਦੀਆਂ ਸਾਰੀਆਂ ਬਹੁਮੁੱਲੀਆਂ ਚੀਜ਼ਾਂ, ਹਾਂ, ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਲੁੱਟ ਲੈਣਗੇ ਅਤੇ ਉਹਨਾਂ ਨੂੰ ਫੜ੍ਹ ਕੇ ਬਾਬਲ ਨੂੰ ਲੈ ਜਾਣਗੇ
6ਹੇ ਪਸ਼ਹੂਰ, ਤੂੰ ਅਤੇ ਉਹ ਸਾਰੇ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ ਗ਼ੁਲਾਮ ਹੋ ਕੇ ਬਾਬਲ ਨੂੰ ਜਾਓਗੇ। ਤੂੰ ਉੱਥੇ ਜਾਏਂਗਾ ਅਤੇ ਉੱਥੇ ਮਰੇਗਾ ਅਤੇ ਉੱਥੇ ਤੂੰ ਦਫ਼ਨਾਇਆ ਜਾਵੇਂਗਾ, ਤੂੰ ਅਤੇ ਤੇਰੇ ਸਾਰੇ ਪ੍ਰੇਮੀ ਜਿਹਨਾਂ ਨਾਲ ਤੂੰ ਝੂਠੇ ਅਗੰਮ ਵਾਕ ਕੀਤੇ।
7ਹੇ ਯਹੋਵਾਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਠੱਠਾ ਉਡਾਉਂਦੇ ਹਨ।
8ਜਦ ਕਦੀ ਮੈਂ ਗੱਲ ਕਰਦਾ ਹਾਂ ਮੈਂ ਚਿੱਲਾਉਂਦਾ ਹਾਂ, - “ਜ਼ੁਲਮ ਅਤੇ ਬਰਬਾਦੀ!” ਪੁਕਾਰਦਾ ਹਾਂ। ਯਹੋਵਾਹ ਦਾ ਬਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮਿਹਣਾ ਅਤੇ ਠੱਠਾ ਬਣ ਗਿਆ ਹੈ।
9ਜੇ ਮੈਂ ਆਖਾਂ, ਮੈਂ ਉਹ ਦਾ ਜਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ, ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ, ਮੈਂ ਇਹ ਨੂੰ ਰੱਖਦਾ-ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸਕਦਾ।
10ਮੈਂ ਤਾਂ ਬਹੁਤਿਆਂ ਦੀ ਬੁਰੀ ਖ਼ਬਰ ਸੁਣੀ ਹੈ, ਚੌਹੀਂ ਪਾਸੀਂ ਭੈਅ ਹੈ! ਉਸ ਉੱਤੇ ਦੋਸ਼ ਲਾਓ! ਆਓ, ਅਸੀਂ ਉਸ ਉੱਤੇ ਦੋਸ਼ ਲਾਈਏ! ਸਾਰੇ ਮੇਰੇ ਮਿੱਤਰ ਮੇਰੇ ਅੱਗੇ ਡਿੱਗਣ ਦੀ ਤਾੜ ਵਿੱਚ ਹਨ। ਖ਼ਬਰੇ ਉਹ ਭਰਮਾਇਆ ਜਾਵੇ, ਤਾਂ ਅਸੀਂ ਉਹ ਦੇ ਉੱਤੇ ਪਰਬਲ ਲੈ ਜਾਂਵਾਂਗੇ, ਅਤੇ ਉਹ ਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ!
11ਪਰ ਯਹੋਵਾਹ ਇੱਕ ਡਰਾਉਣੇ ਯੋਧੇ ਵਾਂਗੂੰ ਮੇਰੇ ਸੰਗ ਹੈ, ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ, ਉਹ ਪਰਬਲ ਨਾ ਪੈ ਸਕਣਗੇ! ਉਹ ਬਹੁਤ ਲੱਜਿਆਵਾਨ ਹੋਣਗੇ, ਉਹ ਸਫ਼ਲ ਨਾ ਹੋਣਗੇ, ਉਹਨਾਂ ਦੀ ਸ਼ਰਮਿੰਦਗੀ ਸਦਾ ਦੀ ਹੋਵੇਗੀ, ਜੋ ਕਦੀ ਨਾ ਭੁੱਲੇਗੀ।
12ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮੀਆਂ ਨੂੰ ਪਰਖਦਾ ਹੈ, ਜਿਹੜਾ ਦਿਲ ਅਤੇ ਗੁਰਦਿਆਂ ਨੂੰ ਦੇਖਦਾ ਹੈ, ਜਿਹੜਾ ਬਦਲਾ ਤੂੰ ਉਹਨਾਂ ਕੋਲੋਂ ਲਵੇਂਗਾ ਉਹ ਮੈਨੂੰ ਵਿਖਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹ ਦਿੱਤਾ ਹੈ।
13ਯਹੋਵਾਹ ਲਈ ਗਾਓ! ਤੁਸੀਂ ਯਹੋਵਾਹ ਨੂੰ ਵਡਿਆਓ! ਕਿਉਂ ਜੋ ਉਸ ਨੇ ਕੰਗਾਲ ਦੀ ਜਾਨ ਨੂੰ ਕੁਕਰਮੀਆਂ ਦੇ ਹੱਥੋਂ ਛੁਡਾਇਆ ਹੈ।
14ਉਸ ਦਿਨ ਉੱਤੇ ਫਿਟਕਾਰ ਜਿਹ ਦੇ ਵਿੱਚ ਮੈਂ ਜੰਮਿਆ! ਉਹ ਦਿਨ ਜਿਹ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੁਬਾਰਕ ਨਾ ਹੋਵੇਗਾ!
15ਫਿਟਕਾਰ ਉਸ ਮਨੁੱਖ ਉੱਤੇ, ਜਿਸ ਨੇ ਮੇਰੇ ਪਿਉ ਨੂੰ ਖ਼ਬਰ ਦਿੱਤੀ, ਕਿ ਤੇਰੇ ਲਈ ਇੱਕ ਪੁੱਤਰ ਜੰਮਿਆ, ਅਤੇ ਉਹ ਨੂੰ ਬਹੁਤ ਖੁਸ਼ ਕੀਤਾ।
16ਉਹ ਮਨੁੱਖ ਉਹਨਾਂ ਸ਼ਹਿਰਾਂ ਵਾਂਗੂੰ ਹੋ ਜਾਵੇ, ਜਿਹਨਾਂ ਨੂੰ ਯਹੋਵਾਹ ਨੇ ਬਿਨ੍ਹਾਂ ਅਫ਼ਸੋਸ ਦੇ ਉਲਟਾ ਦਿੱਤਾ! ਉਹ ਸਵੇਰ ਨੂੰ ਚਿੱਲਾਉਣਾ ਸੁਣੇ, ਅਤੇ ਦੁਪਹਿਰ ਨੂੰ ਹਾਲ ਪੁਕਾਰ,
17ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਹੀ ਨਾ ਮਾਰਿਆ, ਤਦ ਮੇਰੀ ਮਾਤਾ ਮੇਰੀ ਕਬਰ ਹੁੰਦੀ, ਅਤੇ ਉਹ ਦੀ ਕੁੱਖ ਸਦਾ ਭਰੀ ਰਹਿੰਦੀ।
18ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਭਈ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.