
ਯਸਾਯਾਹ 38
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਹਿਜ਼ਕੀਯਾਹ ਘਾਤਕ ਬਿਮਾਰ ਹੁੰਦਾ, ਕੰਧ ਵੱਲ ਮੁੜਦਾ, ਤੇ ਹੰਝੂਆਂ ਨਾਲ ਪ੍ਰਾਰਥਨਾ ਕਰਦਾ ਹੈ। ਪਰਮੇਸ਼ੁਰ ਪੰਦਰਾਂ ਹੋਰ ਸਾਲ ਦਿੰਦਾ ਤੇ ਪਰਛਾਵਾਂ ਮੋੜ ਕੇ ਵਾਅਦਾ ਪੱਕਾ ਕਰਦਾ, ਜਦਕਿ ਹਿਜ਼ਕੀਯਾਹ ਦੀ ਕਵਿਤਾ ਮਰਨਹਾਰਤਾ ਤੇ ਸ਼ੁਕਰਗੁਜ਼ਾਰ ਉਸਤਤ ਤੇ ਸੋਚਦੀ ਹੈ।
ਪ੍ਰਾਰਥਨਾਚੰਗਾਈਮਰਨਹਾਰਤਾਸ਼ੁਕਰਗੁਜ਼ਾਰੀ
1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ।
2ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ
3ਅਤੇ ਆਖਿਆ, ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ। ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।
4ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ,
5ਜਾ, ਹਿਜ਼ਕੀਯਾਹ ਨੂੰ ਆਖ ਕਿ ਯਹੋਵਾਹ ਤੇਰੇ ਪੁਰਖੇ ਦਾਊਦ ਦਾ ਪਰਮੇਸ਼ੁਰ ਇਹ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ।
6ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਦੀ ਰੱਖਿਆ ਰੱਖਾਂਗਾ।
7ਯਹੋਵਾਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵੇਗਾ:
8ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਕਦਮ ਪਿਛਾਹਾਂ ਮੋੜ ਦਿਆਂਗਾ। ਤਦ ਸੂਰਜ ਦਾ ਪਰਛਾਵਾਂ ਦਸ ਕਦਮ ਧੁੱਪ ਘੜੀ ਉੱਤੇ ਮੁੜ ਗਿਆ, ਜਿੱਥੋਂ ਉਹ ਲਹਿ ਗਿਆ ਸੀ।
9ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ, -
10ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ, ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ।
11ਮੈਂ ਆਖਿਆ, ਮੈਂ ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਫੇਰ ਨਹੀਂ ਵੇਖਾਂਗਾ, ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।
12ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਗੂੰ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਗੂੰ ਆਪਣਾ ਜੀਵਨ ਲਪੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
13ਮੈਂ ਸਵੇਰ ਤੱਕ ਤਸੱਲੀ ਨਾਲ ਉਡੀਕਦਾ ਰਿਹਾ, ਪਰ ਉਹ ਬੱਬਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
14ਮੈਂ ਅਬਾਬੀਲ ਜਾਂ ਕੂੰਜ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ!
15ਮੈਂ ਕੀ ਬੋਲਾਂ? ਉਸ ਨੇ ਮੈਨੂੰ ਆਖਿਆ ਅਤੇ ਉਸ ਨੇ ਆਪ ਹੀ ਕੀਤਾ ਵੀ। ਮੈਂ ਆਪਣੀ ਜਾਨ ਦੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਸਾਲ ਹੌਲੀ-ਹੌਲੀ ਚੱਲਾਂਗਾ।
16ਹੇ ਪ੍ਰਭੂ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਜੀਉਂਦੇ ਹਨ, ਅਤੇ ਇਨ੍ਹਾਂ ਸਾਰੀਆਂ ਵਿੱਚ ਹੀ ਮੇਰੇ ਆਤਮਾ ਨੂੰ ਜੀਵਨ ਮਿਲਦਾ ਹੈ, ਤੂੰ ਮੈਨੂੰ ਚੰਗਾ ਕਰ ਅਤੇ ਮੈਨੂੰ ਜੀਵਨ ਬਖ਼ਸ਼।
17ਵੇਖ, ਮੇਰੀ ਹੀ ਸ਼ਾਂਤੀ ਲਈ ਮੈਨੂੰ ਕੁੜੱਤਣ ਹੀ ਕੁੜੱਤਣ ਸਹਿਣੀ ਪਈ, ਪਰ ਤੂੰ ਪ੍ਰੇਮ ਨਾਲ ਮੇਰੀ ਜਾਨ ਨੂੰ ਵਿਨਾਸ਼ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।
18ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸਕਦਾ, ਨਾ ਮੌਤ ਤੇਰੀ ਉਸਤਤ ਕਰ ਸਕਦੀ, ਕਬਰ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।
19ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ! ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਦੱਸੇਗਾ।
20ਯਹੋਵਾਹ ਮੈਨੂੰ ਬਚਾਵੇਗਾ, ਇਸ ਲਈ ਅਸੀਂ ਆਪਣੇ ਤਾਰ ਵਾਲੇ ਵਾਜਿਆਂ ਨਾਲ, ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਗੀਤ ਗਾਉਂਦੇ ਰਹਾਂਗੇ।
21ਯਸਾਯਾਹ ਨੇ ਆਖਿਆ ਸੀ, ਤੁਸੀਂ ਹੰਜ਼ੀਰਾਂ ਦੀ ਇੱਕ ਲੁੱਪਰੀ ਲੈ ਕੇ ਉਹ ਦੇ ਫੋੜੇ ਉੱਤੇ ਲੇਪ ਕਰ ਦਿਓ ਤਾਂ ਉਹ ਬਚ ਜਾਵੇਗਾ।
22ਹਿਜ਼ਕੀਯਾਹ ਨੇ ਪੁੱਛਿਆ ਸੀ, ਇਸ ਦਾ ਕੀ ਨਿਸ਼ਾਨ ਹੈ ਜੋ ਮੈਂ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ?
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.