Moses pointing from people gathering manna toward streams, vineyards, and fertile fields

ਬਿਵਸਥਾ ਸਾਰ 8

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਬਿਵਸਥਾ ਸਾਰ 8 ਇਸਰਾਏਲ ਨੂੰ ਉਜਾੜ ਦੀ ਪਰਖ, ਮੰਨ, ਤੇ ਸੰਭਾਲਣ ਵਾਲੀ ਦੇਖਭਾਲ ਯਾਦ ਰੱਖਣ ਲਈ ਕਹਿੰਦਾ ਹੈ। ਅੱਗੇ ਦੀ ਚੰਗੀ ਧਰਤੀ ਪਾਣੀ, ਫ਼ਸਲਾਂ, ਖਣਿਜ ਤੇ ਭਰਪੂਰਤਾ ਦਿੰਦੀ ਹੈ, ਪਰ ਖੁਸ਼ਹਾਲੀ ਹੰਕਾਰ ਪੈਦਾ ਕਰ ਸਕਦੀ ਹੈ। ਇਸਰਾਏਲ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਦੌਲਤ ਕਮਾਉਣ ਦੀ ਸ਼ਕਤੀ ਖ਼ੁਦ ਨੇਮ ਦੀ ਦਾਤ ਹੈ।
ਉਜਾੜਤਰਤੀਬਖੁਸ਼ਹਾਲੀਨਿਮਰਤਾ
1ਤੁਸੀਂ ਇਸ ਸਾਰੇ ਹੁਕਮਨਾਮੇ ਦੀ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਪੂਰਾ ਕਰਨ ਦੀ ਪਾਲਣਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ।
2ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖਿਓ ਜਿਸ ਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਹੋਣਾ ਸਿਖਾਵੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਕਿ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ?
3ਉਸ ਨੇ ਤੁਹਾਨੂੰ ਅਧੀਨ ਕੀਤਾ, ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਤੁਹਾਨੂੰ ਉਹ ਮੰਨਾ ਖਿਲਾਇਆ, ਜਿਸ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸਨ, ਤਾਂ ਜੋ ਤੁਹਾਨੂੰ ਸਿਖਾਵੇ ਕਿ ਮਨੁੱਖ ਸਿਰਫ਼ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਬਚਨ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ, ਮਨੁੱਖ ਜੀਉਂਦਾ ਰਹੇਗਾ।
4ਇਨ੍ਹਾਂ ਚਾਲ੍ਹੀ ਸਾਲਾਂ ਵਿੱਚ ਨਾ ਤੁਹਾਡੇ ਬਸਤਰ ਪੁਰਾਣੇ ਹੋਏ ਅਤੇ ਨਾ ਹੀ ਤੁਹਾਡੇ ਪੈਰ ਸੁੱਜੇ।
5ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਤਾੜਨਾ ਦਿੰਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤਾੜਨਾ ਦਿੰਦਾ ਰਿਹਾ।
6ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦੇ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ,
7ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇੱਕ ਚੰਗੇ ਦੇਸ਼ ਵਿੱਚ ਲੈ ਕੇ ਜਾ ਰਿਹਾ ਹੈ, ਇੱਕ ਅਜਿਹਾ ਦੇਸ਼ ਜਿੱਥੇ ਪਾਣੀ ਦੇ ਨਾਲੇ, ਚਸ਼ਮੇ ਅਤੇ ਡੂੰਘੇ ਸੋਤੇ ਹਨ, ਜਿਹੜੇ ਘਾਟੀਆਂ ਅਤੇ ਪਹਾੜਾਂ ਵਿੱਚ ਵਗਦੇ ਹਨ,
8ਇੱਕ ਅਜਿਹਾ ਦੇਸ਼ ਜਿੱਥੇ ਕਣਕ, ਜੌਂ, ਅੰਗੂਰ, ਹੰਜ਼ੀਰ ਅਤੇ ਅਨਾਰ ਹੁੰਦੇ ਹਨ, ਇੱਕ ਅਜਿਹਾ ਦੇਸ਼ ਜਿੱਥੇ ਜ਼ੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ,
9ਇੱਕ ਅਜਿਹਾ ਦੇਸ਼ ਜਿਸ ਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜ ਨਾ ਹੋਵੇਗੀ, ਇੱਕ ਅਜਿਹਾ ਦੇਸ਼ ਜਿਸ ਦੇ ਪੱਥਰ ਲੋਹੇ ਦੇ ਹਨ ਅਤੇ ਜਿਸ ਦੀਆਂ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ।
10ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਸ ਚੰਗੇ ਦੇਸ਼ ਦੇ ਕਾਰਨ ਜਿਹੜਾ ਉਸ ਨੇ ਤੁਹਾਨੂੰ ਦਿੱਤਾ ਹੈ, ਮੁਬਾਰਕ ਆਖੋਗੇ।
11ਚੌਕਸ ਰਹੋ, ਕਿਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਉਸ ਦੇ ਹੁਕਮਾਂ, ਕਨੂੰਨਾਂ ਅਤੇ ਬਿਧੀਆਂ ਨੂੰ ਨਾ ਮੰਨੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ।
12ਅਜਿਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ,
13ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵੱਧ ਜਾਣ ਅਤੇ ਤੁਹਾਡਾ ਸੋਨਾ-ਚਾਂਦੀ ਵੱਧ ਜਾਵੇ, ਸਗੋਂ ਤੁਹਾਡਾ ਸਭ ਕੁਝ ਹੀ ਵੱਧ ਜਾਵੇ,
14ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ, ਜਿਸ ਨੇ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢਿਆ
15ਅਤੇ ਜਿਹੜਾ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਲੈ ਕੇ ਚੱਲਿਆ, ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਤੋਂ ਜਿੱਥੇ ਪਾਣੀ ਨਹੀਂ ਸੀ, ਜਿਸ ਨੇ ਤੁਹਾਡੇ ਲਈ ਪਥਰੀਲੀ ਚੱਟਾਨ ਤੋਂ ਪਾਣੀ ਕੱਢਿਆ,
16ਜਿਸ ਨੇ ਤੁਹਾਨੂੰ ਉਜਾੜ ਵਿੱਚ ਮੰਨਾ ਖਿਲਾਇਆ, ਜਿਸ ਨੂੰ ਤੁਹਾਡੇ ਪਿਉ-ਦਾਦੇ ਨਹੀਂ ਜਾਣਦੇ ਸਨ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ,
17ਕਿਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਹ ਧਨ ਕਮਾਇਆ ਹੈ।
18ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖਿਓ ਕਿਉਂ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ, ਜਿਸ ਦੀ ਸਹੁੰ ਉਸ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ, ਜਿਵੇਂ ਅੱਜ ਦੇ ਦਿਨ ਹੈ।
19ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਸੱਚ-ਮੁੱਚ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਚੱਲੋ, ਉਹਨਾਂ ਦੀ ਪੂਜਾ ਕਰੋ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋ, ਤਾਂ ਮੈਂ ਅੱਜ ਤੁਹਾਡੇ ਵਿਰੁੱਧ ਸਾਖੀ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਨਾਸ ਹੋ ਜਾਓਗੇ।
20ਉਨ੍ਹਾਂ ਕੌਮਾਂ ਵਾਂਗੂੰ ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਅੱਗਿਓਂ ਨਾਸ ਕਰਦਾ ਹੈ, ਤੁਸੀਂ ਵੀ ਨਾਸ ਹੋ ਜਾਓਗੇ, ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.