
ਬਿਵਸਥਾ ਸਾਰ 20
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਬਿਵਸਥਾ ਸਾਰ 20 ਇਸਰਾਏਲ ਨੂੰ ਯੁੱਧ ਲਈ ਹਿਦਾਇਤਾਂ ਦਿੰਦਾ ਹੈ, ਜਾਜਕੀ ਹੌਸਲੇ ਤੇ ਅਧੂਰੇ ਘਰਾਂ, ਅੰਗੂਰੀ ਬਾਗ਼ਾਂ, ਮੰਗਣੀਆਂ ਤੇ ਡਰ ਲਈ ਛੋਟਾਂ ਨਾਲ ਸ਼ੁਰੂ ਹੁੰਦਾ ਹੈ। ਕਨਾਨ ਤੋਂ ਬਾਹਰਲੇ ਸ਼ਹਿਰਾਂ ਨੂੰ ਪਹਿਲਾਂ ਸ਼ਾਂਤੀ ਦੀਆਂ ਸ਼ਰਤਾਂ ਮਿਲਦੀਆਂ ਹਨ, ਅਤੇ ਘੇਰੇ ਦੌਰਾਨ ਵੀ ਫਲਦਾਰ ਦਰੱਖਤਾਂ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ।
ਯੁੱਧਹੌਸਲਾਸ਼ਾਂਤੀ ਦੀਆਂ ਸ਼ਰਤਾਂਸੰਜਮ
1ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।
2ਅਜਿਹਾ ਹੋਵੇ ਕਿ ਜਦ ਤੁਸੀਂ ਯੁੱਧ ਕਰਨ ਲਈ ਨੇੜੇ ਜਾਓ, ਤਦ ਜਾਜਕ ਸੈਨਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲਾਂ ਕਰੇ,
3ਅਤੇ ਉਨ੍ਹਾਂ ਨੂੰ ਆਖੇ, “ਹੇ ਇਸਰਾਏਲ ਸੁਣ, ਅੱਜ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ, ਨਾ ਘਬਰਾਓ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ,
4ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ, ਤਾਂ ਜੋ ਉਹ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਯੁੱਧ ਕਰੇ।”
5ਫੇਰ ਪ੍ਰਧਾਨ ਲੋਕਾਂ ਨੂੰ ਆਖਣ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ, ਪਰ ਉਸ ਦਾ ਸਮਰਪਣ ਨਾ ਕੀਤਾ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਸਮਰਪਣ ਕਰੇ।
6ਅਤੇ ਕੌਣ ਹੈ, ਜਿਸ ਨੇ ਅੰਗੂਰੀ ਬਾਗ਼ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ।
7ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ, ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨਾਲ ਵਿਆਹ ਕਰੇ।”
8ਫੇਰ ਪ੍ਰਧਾਨ ਲੋਕਾਂ ਨੂੰ ਇਹ ਵੀ ਆਖਣ, “ਕੌਣ-ਕੌਣ ਹੈ, ਜੋ ਡਰਦਾ ਹੈ ਅਤੇ ਮਨ ਦਾ ਕੱਚਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕਾਰਨ ਉਸ ਦੇ ਭਰਾਵਾਂ ਦਾ ਹੌਂਸਲਾ ਵੀ ਟੁੱਟ ਜਾਵੇ।”
9ਫੇਰ ਜਦ ਅਧਿਕਾਰੀ ਲੋਕਾਂ ਨੂੰ ਇਹ ਗੱਲਾਂ ਆਖ ਚੁੱਕਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10ਜਦ ਤੁਸੀਂ ਕਿਸੇ ਸ਼ਹਿਰ ਨਾਲ ਯੁੱਧ ਕਰਨ ਲਈ ਨੇੜੇ ਜਾਓ, ਤਾਂ ਪਹਿਲਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ।
11ਜੇਕਰ ਉਹ ਤੁਹਾਡੇ ਨਾਲ ਸੁਲਾਹ ਕਰਨ ਲਈ ਤਿਆਰ ਹੋਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ, ਤਾਂ ਅਜਿਹਾ ਹੋਵੇ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਅਧੀਨ ਹੋ ਕੇ ਤੁਹਾਡੀ ਬੇਗਾਰੀ ਅਤੇ ਟਹਿਲ ਸੇਵਾ ਕਰਨ।
12ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰਨਾ ਚਾਹੇ ਤਾਂ ਤੁਸੀਂ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਓ,
13ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ, ਤਾਂ ਤੁਸੀਂ ਉਸ ਦੇ ਸਾਰੇ ਪੁਰਖ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ,
14ਪਰ ਇਸਤਰੀਆਂ, ਬੱਚੇ, ਪਸ਼ੂ ਅਰਥਾਤ ਉਸ ਸ਼ਹਿਰ ਦਾ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਿਓ ਅਤੇ ਤੁਸੀਂ ਆਪਣੇ ਵੈਰੀਆਂ ਦੀ ਲੁੱਟ ਨੂੰ ਵਰਤਿਓ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਦੇਵੇਗਾ।
15ਇਸੇ ਤਰ੍ਹਾਂ ਹੀ ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਿਓ, ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹ ਇੱਥੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ।
16ਪਰ ਜਿਹੜੇ ਸ਼ਹਿਰ ਇਨ੍ਹਾਂ ਲੋਕਾਂ ਦੇ ਹਨ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਉਨ੍ਹਾਂ ਵਿੱਚ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਰਹਿਣ ਦਿਓ,
17ਪਰ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਓ ਅਰਥਾਤ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ,
18ਕਿਉਂਕਿ ਅਜਿਹਾ ਨਾ ਹੋਵੇ ਕਿ ਉਹ ਤੁਹਾਨੂੰ ਆਪਣੇ ਵਰਗੇ ਘਿਣਾਉਣੇ ਕੰਮ ਕਰਨਾ ਸਿਖਾਉਣ, ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਲੱਗੋ।
19ਜਦ ਤੁਸੀਂ ਯੁੱਧ ਕਰਦੇ ਹੋਏ ਕਿਸੇ ਸ਼ਹਿਰ ਨੂੰ ਜਿੱਤਣ ਲਈ ਬਹੁਤ ਦਿਨਾਂ ਤੱਕ ਉਸ ਨੂੰ ਘੇਰ ਕੇ ਰੱਖੋ, ਤਾਂ ਤੁਸੀਂ ਉਸ ਦੇ ਰੁੱਖਾਂ ਨੂੰ ਕੁਹਾੜੀ ਨਾਲ ਵੱਢ ਕੇ ਨਾਸ ਨਾ ਕਰਿਓ ਕਿਉਂ ਜੋ ਤੁਸੀਂ ਉਨ੍ਹਾਂ ਦੇ ਫਲ ਖਾ ਸਕਦੇ ਹੋ, ਇਸ ਲਈ ਤੁਸੀਂ ਉਨ੍ਹਾਂ ਨੂੰ ਨਾ ਵੱਢਿਓ। ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਨ੍ਹਾਂ ਨੂੰ ਘੇਰ ਕੇ ਰੱਖੋ?
20ਸਿਰਫ਼ ਉਹ ਰੁੱਖ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਹਨ, ਉਨ੍ਹਾਂ ਨੂੰ ਤੁਸੀਂ ਵੱਢ ਕੇ ਨਾਸ ਕਰ ਸੁੱਟਿਓ, ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਤੱਕ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.