Nebuchadnezzar watches three Judean men and a luminous fourth figure walk unharmed inside the fiery furnace

ਦਾਨੀਏਲ 3

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਨਬੂਕਦਨੱਸਰ ਆਪਣੇ ਸਾਮਰਾਜ ਭਰ ਦੇ ਅਫ਼ਸਰਾਂ ਨੂੰ ਸੋਨੇ ਦੀ ਮੂਰਤ ਦੀ ਉਪਾਸਨਾ ਕਰਨ ਦਾ ਹੁਕਮ ਦਿੰਦਾ ਹੈ। ਸ਼ਦਰਕ, ਮੇਸ਼ਕ ਤੇ ਅਬੇਦਨਗੋ ਇਨਕਾਰ ਕਰਦੇ, ਪਰਮੇਸ਼ੁਰ ਤੇ ਭਰੋਸਾ ਕਰਦੇ ਹੋਏ ਮੌਤ ਦੀ ਸੰਭਾਵਨਾ ਵੀ ਸਵੀਕਾਰਦੇ ਹਨ। ਭੱਠੀ ਵਿੱਚ ਚਾਰ ਵਿਅਕਤੀ ਦਿਖਦੇ, ਤਿੰਨੇ ਬਿਨਾਂ ਨੁਕਸਾਨ ਨਿਕਲਦੇ, ਤੇ ਰਾਜਾ ਉਹਨਾਂ ਦੇ ਛੁਡਾਉਣ ਵਾਲੇ ਨੂੰ ਮੰਨਦਾ ਹੈ।
ਹੌਸਲਾਉਪਾਸਨਾਛੁਟਕਾਰਾਵਫ਼ਾਦਾਰੀ
1ਨਬੂਕਦਨੱਸਰ ਰਾਜਾ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਸ ਦੀ ਉਚਿਆਈ ਸੱਠ ਹੱਥ ਤੇ ਚੌੜਾਈ ਛੇ ਹੱਥ ਸੀ ਅਤੇ ਉਸ ਨੂੰ ਦੂਰਾ ਨਾਮਕ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ।
2ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ।
3ਤਦ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਆਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬੂਕਦੱਨਸਰ ਨੇ ਖੜੀ ਕੀਤੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ।
4ਤਦ ਇੱਕ ਢੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ, ਹੇ ਲੋਕੋ, ਹੇ ਕੌਮੋ, ਹੇ ਭਾਖਿਓ, ਤੁਹਾਨੂੰ ਇਹ ਹੁਕਮ ਹੈ ਭਈ
5ਜਿਸ ਵੇਲੇ ਤੁਰ੍ਹੀ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਤੇ ਹਰ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਨਬੂਕਦਨੱਸਰ ਰਾਜਾ ਨੇ ਖੜਾ ਕੀਤਾ ਹੈ, ਝੁੱਕ ਕੇ ਮੱਥਾ ਟੇਕੋ!
6ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਸੇ ਘੜੀ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ।
7ਇਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਤੁਰ੍ਹੀ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪਰਕਾਰ ਦੇ ਵਾਜਿਆਂ ਦੀ ਅਵਾਜ਼ ਸੁਣੀ ਤਦ ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੇ ਝੁੱਕ ਕੇ ਉਸ ਸੋਨੇ ਦੀ ਮੂਰਤੀ ਦੇ ਅੱਗੇ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ।
8ਇਸ ਤੋਂ ਬਾਅਦ ਉਸ ਵੇਲੇ ਕਈ ਕਸਦੀਆਂ ਨੇ ਨੇੜੇ ਆ ਕੇ ਯਹੂਦੀਆਂ ਉੱਤੇ ਦੋਸ਼ ਲਾਇਆ।
9ਉਹਨਾਂ ਨੇ ਨਬੂਕਦਨੱਸਰ ਰਾਜਾ ਨੂੰ ਆਖਿਆ ਕਿ ਹੇ ਰਾਜਾ, ਸਦਾ ਤੱਕ ਜੀਉਂਦੇ ਰਹੋ!
10ਹੇ ਰਾਜਾ, ਤੁਸੀਂ ਇੱਕ ਆਗਿਆ ਦਿੱਤੀ ਸੀ ਕਿ ਹਰ ਇੱਕ ਆਦਮੀ ਜੋ ਤੁਰ੍ਹੀ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਤੇ ਹਰ ਪਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੇ ਤਾਂ ਝੁੱਕ ਕੇ ਸੋਨੇ ਦੀ ਮੂਰਤੀ ਨੂੰ ਮੱਥਾ ਟੇਕੇ
11ਅਤੇ ਜੋ ਕੋਈ ਝੁੱਕ ਕੇ ਮੱਥਾ ਨਾ ਟੇਕੇ ਉਹ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟਿਆ ਜਾਵੇਗਾ।
12ਹੁਣ ਕਈ ਯਹੂਦੀ ਹਨ ਜਿਹਨਾਂ ਨੂੰ ਤੁਸੀਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਨਿਯੁਕਤ ਕੀਤਾ ਅਰਥਾਤ ਸ਼ਦਰਕ, ਮੇਸ਼ਕ, ਤੇ ਅਬੇਦਨਗੋ, ਇਹਨਾਂ ਮਨੁੱਖਾਂ ਨੇ, ਹੇ ਰਾਜਾ, ਤੁਹਾਡਾ ਆਦਰ ਨਹੀਂ ਕੀਤਾ। ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਨਾ ਉਸ ਸੋਨੇ ਦੀ ਮੂਰਤ ਦੇ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ, ਮੱਥਾ ਟੇਕਦੇ ਹਨ।
13ਤਦ ਨਬੂਕਦਨੱਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਨੂੰ ਹਾਜ਼ਰ ਕਰੋ! ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਅੱਗੇ ਹਾਜ਼ਰ ਕੀਤਾ।
14ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਤੇ ਅਬੇਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਾ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਉਸ ਸੋਨੇ ਦੀ ਮੂਰਤ ਨੂੰ ਜਿਹ ਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ?
15ਹੁਣ ਜੇ ਤੁਸੀਂ ਤਿਆਰ ਹੋ ਕਿ ਜਿਸ ਵੇਲੇ ਤੁਸੀਂ ਤੁਰੀ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?
16ਤਦ ਸ਼ਦਰਕ, ਮੇਸ਼ਕ, ਅਤੇ ਅਬੇਦਨਗੋ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਹੇ ਨਬੂਕਦਨੱਸਰ, ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਹਾਂ।
17ਸਾਡਾ ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ,
18ਨਹੀਂ ਤਾਂ ਹੇ ਰਾਜਾ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ।
19ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਉੱਤੇ ਬਦਲ ਗਿਆ। ਉਹ ਨੇ ਹੁਕਮ ਦਿੱਤਾ ਕਿ ਭੱਠੀ ਨੂੰ ਦਸਤੂਰ ਨਾਲੋਂ ਸੱਤ ਗੁਣਾ ਹੋਰ ਗਰਮਾ ਦਿਓ।
20ਫਿਰ ਉਸ ਨੇ ਆਪਣੀ ਫ਼ੌਜ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਨੂੰ ਬੰਨ੍ਹ ਕੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟ ਦੇਣ।
21ਤਦ ਉਹ ਆਦਮੀ ਆਪਣੇ, ਕੁੜਤਿਆਂ, ਪਗੜੀਆਂ, ਪਜਾਮਿਆਂ ਅਤੇ ਹੋਰ ਲੀੜਿਆਂ ਸਮੇਤ ਬੰਨ੍ਹੇ ਗਏ ਅਤੇ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਗਏ।
22ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ।
23ਇਹ ਤਿੰਨੇ ਮਨੁੱਖ ਅਰਥਾਤ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਬੱਧੇ ਹੋਏ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਗਏ।
24ਤਦ ਨਬੂਕਦਨੱਸਰ ਰਾਜਾ ਹੱਕਾ-ਬੱਕਾ ਹੋ ਕੇ ਝੱਟ ਖੜ੍ਹਾ ਹੋਇਆ। ਉਹ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ, ਕੀ ਅਸੀਂ ਤਿੰਨ ਮਨੁੱਖਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸੁੱਟਵਾਇਆ? ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, ਇਹ ਸੱਚ ਹੈ।
25ਫਿਰ ਉਸ ਨੇ ਉੱਤਰ ਦੇ ਕੇ ਆਖਿਆ ਭਈ ਵੇਖੋ, ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲ੍ਹੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਹੈ ਅਤੇ ਚੌਥੇ ਦਾ ਸਰੂਪ ਪਰਮੇਸ਼ੁਰ ਦੇ ਪੁੱਤਰ ਜਿਹਾ ਹੈ!
26ਫਿਰ ਨਬੂਕਦਨੱਸਰ ਅੱਗ ਦੀ ਬਲਦੀ ਹੋਈ ਭੱਠੀ ਦੇ ਬੂਹੇ ਦੇ ਨੇੜੇ ਆਇਆ। ਉਹ ਬੋਲਿਆ, ਹੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਅੱਤ ਮਹਾਨ ਪਰਮੇਸ਼ੁਰ ਦੇ ਬੰਦਿਓ, ਬਾਹਰ ਨਿੱਕਲ ਕੇ ਐਧਰ ਆਓ! ਤਦ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ।
27ਸ਼ਹਿਜਾਦਿਆਂ, ਦੀਵਾਨਾਂ, ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕਿ ਅੱਗ ਦਾ ਉਹਨਾਂ ਦੇ ਸਰੀਰਾਂ ਉੱਤੇ ਕੁਝ ਵੱਸ ਨਹੀਂ ਸੀ ਚੱਲਿਆ, ਨਾ ਉਹਨਾਂ ਦੇ ਸਿਰ ਦੇ ਵਾਲ਼ ਝੁਲਸੇ, ਨਾ ਉਹਨਾਂ ਦੇ ਝੱਗਿਆਂ ਵਿੱਚ ਕੁਝ ਫ਼ਰਕ ਪਿਆ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।
28ਨਬੂਕਦਨੱਸਰ ਨੇ ਪੁਕਾਰ ਕੇ ਆਖਿਆ ਕਿ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਿਹਨਾਂ ਨੇ ਉਹ ਦੇ ਉੱਤੇ ਨਿਹਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸਰੀਰਾਂ ਨੂੰ ਭੇਂਟ ਕੀਤਾ ਕਿ ਆਪਣੇ ਪਰਮੇਸ਼ੁਰ ਦੇ ਬਿਨ੍ਹਾਂ ਹੋਰ ਕਿਸੇ ਦੇਵਤੇ ਦੀ ਸੇਵਾ ਜਾਂ ਬੰਦਗੀ ਨਾ ਕਰਨ।
29ਇਸ ਲਈ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮਾਂ ਜਾਂ ਭਾਖਿਆਂ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦੇ ਪਰਮੇਸ਼ੁਰ ਦੇ ਵਿਰੁੱਧ ਕੋਈ ਬੁਰੀ ਗੱਲ ਆਖਣਗੀਆਂ ਤਾਂ ਉਹਨਾਂ ਦੇ ਟੁੱਕੜੇ-ਟੁੱਕੜੇ ਕੀਤੇ ਜਾਣਗੇ ਅਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ, ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪਰਕਾਰ ਬਚਾ ਸਕੇ!
30ਤਦ ਰਾਜੇ ਨੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਨੂੰ ਬਾਬਲ ਦੇ ਸੂਬੇ ਵਿੱਚ ਉੱਚਾ ਕੀਤਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.