David walking humbly as Shimei throws dust and Abishai reacts

2 ਸਮੂਏਲ 16

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਜ਼ੀਬਾ ਸਾਮਾਨ ਤੇ ਮਫ਼ੀਬੋਸ਼ਥ ਵਿਰੁੱਧ ਦੋਸ਼ ਲੈ ਕੇ ਦਾਊਦ ਨੂੰ ਮਿਲਦਾ ਹੈ। ਸ਼ਿਮਈ ਸਰਾਪ ਦਿੰਦਾ ਤੇ ਪੱਥਰ ਸੁੱਟਦਾ, ਪਰ ਦਾਊਦ ਬਦਲਾ ਲੈਣ ਤੋਂ ਇਨਕਾਰ ਕਰਦਾ ਹੈ। ਯਰੂਸ਼ਲਮ ਵਿੱਚ ਹੂਸ਼ਈ ਅਬਸ਼ਾਲੋਮ ਦੇ ਦਰਬਾਰ ਵਿੱਚ ਸ਼ਾਮਲ ਹੁੰਦਾ ਜਦਕਿ ਅਹੀਥੋਫ਼ਲ ਵਿਨਾਸ਼ਕਾਰੀ ਸਲਾਹ ਦਿੰਦਾ ਹੈ।
ਨਿਮਰਤਾਸਰਾਪਸੰਜਮਸਾਜ਼ਿਸ਼
1ਜਦ ਦਾਊਦ ਪਰਬਤ ਦੀ ਟੀਸੀ ਤੋਂ ਕੁਝ ਅੱਗੇ ਵਧਿਆ ਤਾਂ ਮਫ਼ੀਬੋਸ਼ਥ ਦਾ ਸੇਵਕ ਸੀਬਾ, ਕਾਠੀ ਕੱਸੇ ਹੋਏ ਦੋ ਗਧੇ ਜਿਨ੍ਹਾਂ ਉੱਤੇ ਦੋ ਸੋ ਰੋਟੀਆਂ, ਸੌ ਦਾਖਾਂ ਦੇ ਗੁੱਛੇ, ਸੌ ਹੰਜ਼ੀਰ ਦੇ ਫਲ ਅਤੇ ਇੱਕ ਮੇਸ਼ੇਕ ਮਧ ਲੱਦੀ ਹੋਈ ਸੀ, ਲੈ ਕੇ ਉਸ ਨੂੰ ਮਿਲਣ ਲਈ ਆਇਆ।
2ਰਾਜੇ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਉਦੇਸ਼ ਹੈ? ਸੀਬਾ ਨੇ ਆਖਿਆ, ਇਹ ਗਧੇ ਰਾਜਾ ਦੇ ਘਰਾਣੇ ਦੀ ਸਵਾਰੀ ਲਈ ਹਨ ਅਤੇ ਰੋਟੀਆਂ ਅਤੇ ਹੰਜ਼ੀਰ ਦੇ ਫਲ ਜੁਆਨਾਂ ਦੇ ਖਾਣ ਲਈ ਹਨ ਅਤੇ ਇਹ ਮਧ ਇਸ ਲਈ ਹੈ ਕਿ ਜੋ ਉਜਾੜ ਵਿੱਚ ਥੱਕ ਜਾਣ, ਉਹ ਇਸ ਨੂੰ ਪੀ ਲੈਣ।
3ਰਾਜਾ ਨੇ ਪੁੱਛਿਆ, ਤੇਰੇ ਮਾਲਕ ਦਾ ਪੁੱਤਰ ਕਿੱਥੇ ਹੈ? ਸੀਬਾ ਨੇ ਰਾਜਾ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਹੈ, ਕਿਉਂ ਜੋ ਉਹ ਆਖਦਾ ਹੈ ਕਿ ਇਸਰਾਏਲ ਦਾ ਘਰਾਣਾ ਅੱਜ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ।
4ਤਦ ਰਾਜਾ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ, ਉਹ ਸਭ ਕੁਝ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਮੈਂ ਤੁਹਾਡੇ ਅੱਗੇ ਗੋਡੇ ਨਿਵਾਉਂਦਾ ਹਾਂ, ਮੇਰੇ ਮਹਾਰਾਜ ਰਾਜਾ ਦੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੋਵੇ।
5ਫਿਰ ਉੱਥੋਂ ਦਾਊਦ ਰਾਜਾ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੇ ਵਿੱਚੋਂ ਇੱਕ ਮਨੁੱਖ ਨਿੱਕਲਿਆ ਜੋ ਗੇਰਾ ਦਾ ਪੁੱਤਰ ਸ਼ਿਮਈ ਸੀ ਅਤੇ ਉਹ ਸਰਾਪ ਦਿੰਦਾ ਹੋਇਆ ਤੁਰਿਆ ਜਾਂਦਾ ਸੀ।
6ਉਸ ਨੇ ਦਾਊਦ ਉੱਤੇ ਅਤੇ ਦਾਊਦ ਰਾਜਾ ਦੇ ਸਾਰਿਆਂ ਸੇਵਕਾਂ ਨੂੰ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਾਰੇ ਲੋਕ ਉਹ ਦੇ ਸੱਜੇ ਖੱਬੇ ਸਨ।
7ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖੂਨੀ ਮਨੁੱਖ! ਹੇ ਦੁਸ਼ਟ ਮਨੁੱਖ!
8ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖੂਨ ਨੂੰ ਤੇਰੇ ਉੱਤੇ ਮੋੜ ਦਿੱਤਾ ਹੈ, ਜਿਸ ਦੇ ਸਥਾਨ ਤੇ ਤੂੰ ਰਾਜਾ ਬਣਿਆ ਹੈਂ ਅਤੇ ਯਹੋਵਾਹ ਨੇ ਤੇਰਾ ਰਾਜ, ਤੇਰੇ ਪੁੱਤਰ ਅਬਸ਼ਾਲੋਮ ਦੇ ਹੱਥ ਦੇ ਦਿੱਤਾ ਹੈ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ, ਕਿਉਂ ਜੋ ਤੂੰ ਖੂਨੀ ਮਨੁੱਖ ਹੈਂ!
9ਤਦ ਸਰੂਯਾਹ ਦੇ ਪੁੱਤਰ ਅਬੀਸ਼ਈ ਨੇ ਰਾਜਾ ਨੂੰ ਆਖਿਆ, ਇਹ ਮਰਿਆ ਹੋਇਆ ਕੁੱਤਾ ਕਿਉਂ ਮੇਰੇ ਮਹਾਰਾਜ ਨੂੰ ਸਰਾਪ ਦੇਵੇ? ਜੇ ਹੁਕਮ ਕਰੋ ਤਾਂ ਮੈਂ ਉਸਦਾ ਸਿਰ ਵੱਢ ਦੇਵਾਂ!
10ਰਾਜਾ ਨੇ ਆਖਿਆ, ਹੇ ਸਰੂਯਾਹ ਦੇ ਪੁੱਤਰੋਂ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ, ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਕਿ ਦਾਊਦ ਨੂੰ ਸਰਾਪ ਦੇ। ਫਿਰ ਕੌਣ ਆਖ ਸਕਦਾ ਹੈ ਕਿ ਤੂੰ ਅਜਿਹਾ ਕਿਉਂ ਕੀਤਾ?
11ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਸੇਵਕਾਂ ਨੂੰ ਆਖਿਆ, ਵੇਖੋ, ਮੇਰਾ ਪੁੱਤਰ ਹੀ, ਜੋ ਮੈਥੋਂ ਜੰਮਿਆ ਸੀ ਮੈਨੂੰ ਮਾਰਨ ਨੂੰ ਫਿਰਦਾ ਹੈ, ਤਾਂ ਭਲਾ, ਇਹ ਬਿਨਯਾਮੀਨੀ ਹੁਣ ਅਜਿਹਾ ਨਾ ਕਰੇਗਾ? ਉਸ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ।
12ਕੀ ਪਤਾ, ਯਹੋਵਾਹ ਉਸ ਬੁਰਿਆਈ ਵੱਲ ਵੇਖੇ, ਜੋ ਮੇਰੇ ਉੱਤੇ ਆਈ ਹੈ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਬਦਲੇ ਮੇਰੇ ਨਾਲ ਭਲਿਆਈ ਕਰੇ?
13ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ, ਤਦ ਸ਼ਿਮਈ ਪਰਬਤ ਦੇ ਬੰਨ੍ਹੇ ਉੱਤੇ ਉਸ ਦੇ ਨਾਲ ਲੰਘ ਰਿਹਾ ਸੀ, ਅਤੇ ਉਹ ਸਰਾਪ ਦਿੰਦਾ ਜਾਂਦਾ ਸੀ, ਉਸ ਦੀ ਵੱਲ ਵੱਟੇ ਮਾਰਦਾ ਅਤੇ ਮਿੱਟੀ ਸੁੱਟਦਾ ਸੀ।
14ਰਾਜਾ ਅਤੇ ਉਹ ਦੇ ਨਾਲ ਦੇ ਸਾਰੇ ਥੱਕੇ ਹੋਏ ਸਨ ਅਤੇ ਉੱਥੇ ਉਨ੍ਹਾਂ ਨੇ ਆਰਾਮ ਕੀਤਾ।
15ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ।
16ਤਦ ਅਜਿਹਾ ਹੋਇਆ ਕਿ ਜਦ ਦਾਊਦ ਦਾ ਮਿੱਤਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਰਾਜਾ ਜੀਉਂਦਾ ਰਹੇ, ਰਾਜਾ ਜੀਉਂਦਾ ਰਹੇ!
17ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤਰ ਉੱਤੇ ਇਹੋ ਕਿਰਪਾ ਕੀਤੀ? ਤੂੰ ਆਪਣੇ ਮਿੱਤਰ ਨਾਲ ਕਿਉਂ ਨਹੀਂ ਗਿਆ?
18ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਅਜਿਹਾ ਨਹੀਂ ਹੈ, ਸਗੋਂ ਜਿਸ ਨੂੰ ਯਹੋਵਾਹ ਅਤੇ ਇਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉਸੇ ਦਾ ਹੋਵਾਂਗਾ ਅਤੇ ਉਸ ਦੇ ਨਾਲ ਰਹਾਂਗਾ।
19ਫਿਰ ਮੈਂ ਕਿਸ ਦੀ ਸੇਵਾ ਟਹਿਲ ਕਰਾਂ? ਭਲਾ, ਉਹ ਦੇ ਪੁੱਤਰ ਦੀ ਨਹੀਂ, ਜਿਵੇਂ ਮੈਂ ਤੁਹਾਡੇ ਪਿਤਾ ਦੇ ਅੱਗੇ ਸੇਵਾ ਟਹਿਲ ਕੀਤੀ, ਉਸੇ ਤਰ੍ਹਾਂ ਤੁਹਾਡੇ ਅੱਗੇ ਵੀ ਕਰਾਂਗਾ।
20ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪਸ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ?
21ਸੋ ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਆਪਣੇ ਪਿਤਾ ਦੀਆਂ ਉਨ੍ਹਾਂ ਰਖ਼ੈਲਾਂ ਦੇ ਨਾਲ ਸੰਗ ਕਰ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ, ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਕਿ ਤੁਹਾਡਾ ਪਿਤਾ ਤੁਹਾਡੇ ਤੋਂ ਘਿਰਣਾ ਕਰਦਾ ਹੈ ਤਾਂ ਜੋ ਤੁਹਾਡੇ ਨਾਲ ਹਨ, ਉਨ੍ਹਾਂ ਸਾਰਿਆਂ ਦੇ ਹੱਥ ਤਕੜੇ ਹੋਣਗੇ।
22ਉਨ੍ਹਾਂ ਨੇ ਮਹਿਲ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖ਼ੈਲਾਂ ਨਾਲ ਸੰਗ ਕੀਤਾ।
23ਅਹੀਥੋਫ਼ਲ ਦੀ ਸਲਾਹ, ਜੋ ਉਹ ਉਨ੍ਹਾਂ ਦਿਨਾਂ ਵਿੱਚ ਦਿੰਦਾ ਸੀ, ਅਜਿਹੀ ਮੰਨੀ ਜਾਂਦੀ ਸੀ, ਜਾਣੋ ਜਿਵੇਂ ਕੋਈ ਪਰਮੇਸ਼ੁਰ ਦਾ ਬਚਨ ਪਾਉਂਦਾ ਹੈ। ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਇਸ ਤਰ੍ਹਾਂ ਦੀ ਸੀ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.