Solomon and Hiram’s envoys overseeing cedar rafts and temple stones

1 ਰਾਜਿਆਂ 5

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਸੁਲੇਮਾਨ ਸੂਰ ਦੇ ਰਾਜਾ ਹੀਰਾਮ ਨਾਲ ਦਿਆਰ ਦੀ ਲੱਕੜ ਤੇ ਕੁਸ਼ਲ ਮਜ਼ਦੂਰੀ ਲਈ ਪ੍ਰਬੰਧ ਕਰਦਾ ਹੈ ਤਾਂ ਜੋ ਮੰਦਰ ਬਣਾਇਆ ਜਾ ਸਕੇ। ਇਸਰਾਏਲੀ ਤੇ ਪਰਦੇਸੀ ਪੱਥਰ ਪੁੱਟਦੇ, ਲੱਕੜ ਲਿਆਉਂਦੇ, ਤੇ ਆਉਣ ਵਾਲੇ ਵੱਡੇ ਕੰਮ ਲਈ ਧਿਆਨ ਨਾਲ ਤਿਆਰੀ ਕਰਦੇ ਹਨ।
ਤਿਆਰੀਭਾਈਵਾਲੀਮੰਦਰਮਜ਼ਦੂਰੀ
1ਸੂਰ ਦੇ ਰਾਜੇ ਹੀਰਾਮ ਨੇ ਆਪਣੇ ਸੇਵਕ ਸੁਲੇਮਾਨ ਦੇ ਕੋਲ ਭੇਜੇ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਨ੍ਹਾਂ ਨੇ ਉਹ ਨੂੰ ਮਸਹ ਕੀਤਾ ਕਿ ਆਪਣੇ ਪਿਤਾ ਦੇ ਥਾਂ ਪਾਤਸ਼ਾਹ ਹੋਵੇ ਅਤੇ ਹੀਰਾਮ ਆਪਣੀ ਸਾਰੀ ਉਮਰ ਦਾਊਦ ਦਾ ਮਿੱਤਰ ਰਿਹਾ।
2ਤਦ ਸੁਲੇਮਾਨ ਨੇ ਹੀਰਾਮ ਨੂੰ ਸੁਨੇਹਾ ਭੇਜਿਆ ਕਿ
3ਤੂੰ ਜਾਣਦਾ ਹੈਂ ਕਿ ਮੇਰਾ ਪਿਤਾ ਦਾਊਦ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਲਈ ਇੱਕ ਭਵਨ ਨਾ ਬਣਾ ਸਕਿਆ, ਕਿਉਂ ਜੋ ਉਸ ਦੇ ਆਲੇ-ਦੁਆਲੇ ਲੜਾਈਆਂ ਹੁੰਦੀਆਂ ਰਹੀਆਂ ਜਦ ਤੱਕ ਕਿ ਯਹੋਵਾਹ ਨੇ ਉਨ੍ਹਾਂ ਸਭਨਾਂ ਨੂੰ ਉਹ ਦੇ ਪੈਰਾਂ ਹੇਠ ਨਾ ਕੀਤਾ।
4ਪਰ ਹੁਣ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਚੁਫ਼ੇਰਿਓਂ ਆਰਾਮ ਦਿੱਤਾ ਹੈ, ਕਿਉਂ ਜੋ ਨਾ ਕੋਈ ਵਿਰੋਧੀ ਹੈ ਅਤੇ ਨਾ ਹੀ ਕੋਈ ਬੁਰਿਆਈ ਹੋਣ ਵਾਲੀ ਹੈ।
5ਇਸ ਲਈ ਮੈਂ ਆਖਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦਾ ਭਵਨ ਬਣਾਵਾਂ, ਜਿਵੇਂ ਯਹੋਵਾਹ ਮੇਰੇ ਪਿਤਾ ਦਾਊਦ ਨੂੰ ਬੋਲਿਆ ਸੀ ਕਿ ਤੇਰਾ ਪੁੱਤਰ ਜਿਹ ਨੂੰ ਮੈਂ ਤੇਰੀ ਰਾਜ ਗੱਦੀ ਉੱਤੇ ਤੇਰੇ ਥਾਂ ਬਿਠਾਵਾਂਗਾ, ਉਹੋ ਮੇਰੇ ਨਾਮ ਦਾ ਭਵਨ ਬਣਾਵੇਗਾ।
6ਹੁਣ ਤੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਤੋਂ ਦਿਆਰ ਦੇ ਬਿਰਛ ਵੱਢਣ ਅਤੇ ਮੇਰੇ ਸੇਵਕ ਤੇਰੇ ਸੇਵਕਾਂ ਦੇ ਨਾਲ ਹੋਣਗੇ ਅਤੇ ਜੋ ਮਜ਼ਦੂਰੀ ਤੂੰ ਠਹਿਰਾਵੇਂ ਮੈਂ ਤੇਰੇ ਸੇਵਕਾਂ ਲਈ ਤੈਨੂੰ ਦੇ ਦਿਆਂਗਾ, ਕਿਉਂ ਜੋ ਤੂੰ ਜਾਣਦਾ ਹੈਂ ਕਿ ਸਾਡੇ ਵਿੱਚੋਂ ਕਿਸੇ ਮਨੁੱਖ ਨੂੰ ਸੀਦੋਨੀਆਂ ਵਾਂਗੂੰ ਲੱਕੜੀ ਵੱਢਣ ਦਾ ਢੰਗ ਨਹੀਂ ਆਉਂਦਾ।
7ਤਦ ਇਸ ਤਰ੍ਹਾਂ ਹੋਇਆ ਕਿ ਜਦ ਹੀਰਾਮ ਨੇ ਸੁਲੇਮਾਨ ਦੀਆਂ ਗੱਲਾਂ ਸੁਣੀਆਂ, ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਆਖਿਆ, ਅੱਜ ਦੇ ਦਿਨ ਯਹੋਵਾਹ ਮੁਬਾਰਕ ਹੈ ਜਿਸ ਨੇ ਦਾਊਦ ਨੂੰ ਇਨ੍ਹਾਂ ਬਹੁਤਿਆਂ ਲੋਕਾਂ ਉੱਤੇ ਇੱਕ ਬੁੱਧਵਾਨ ਪੁੱਤਰ ਦਿੱਤਾ ਹੈ।
8ਹੀਰਾਮ ਨੇ ਸੁਲੇਮਾਨ ਨੂੰ ਸੁਨੇਹਾ ਭੇਜਿਆ ਕਿ ਜੋ ਤੂੰ ਸੁਨੇਹਾ ਭੇਜਿਆ ਉਹ ਮੈਂ ਸੁਣਿਆ। ਮੈਂ ਤੇਰੀ ਸਾਰੀ ਇੱਛਾ ਦੇ ਅਨੁਸਾਰ ਦਿਆਰ ਦੀ ਲੱਕੜੀ ਅਤੇ ਚੀਲ ਦੀ ਲੱਕੜ ਲਈ ਕਰਾਂਗਾ।
9ਮੇਰੇ ਕਾਮੇ ਉਨ੍ਹਾਂ ਨੂੰ ਲਬਾਨੋਨ ਤੋਂ ਸਮੁੰਦਰ ਤੱਕ ਲਾਹੁਣਗੇ ਅਤੇ ਮੈਂ ਉਨ੍ਹਾਂ ਦਾ ਬੇੜਾ ਬੰਨਵਾ ਕੇ ਸਮੁੰਦਰ ਦੇ ਰਾਹੀਂ ਉਸ ਥਾਂ ਜਿਹੜਾ ਤੂੰ ਠਹਿਰਾਵੇਂ ਪਹੁੰਚਾ ਦੇਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਖੋਲ੍ਹ ਕੇ ਸੁੱਟਵਾ ਦਿਆਂਗਾ, ਤਾਂ ਜੋ ਤੈਨੂੰ ਮਿਲ ਜਾਣ ਅਤੇ ਤੂੰ ਮੇਰੇ ਘਰਾਣੇ ਨੂੰ ਰੋਟੀ ਦੇ ਕੇ ਮੇਰੀ ਇੱਛਿਆ ਨੂੰ ਪੂਰਾ ਕਰੀਂ।
10ਤਦ ਹੀਰਾਮ ਨੇ ਦਿਆਰ ਦੀ ਲੱਕੜ ਅਤੇ ਚੀਲ ਦੀ ਲੱਕੜ ਸੁਲੇਮਾਨ ਨੂੰ ਉਸ ਦੀ ਸਾਰੀ ਇੱਛਿਆ ਅਨੁਸਾਰ ਦਿੱਤੀ।
11ਸੁਲੇਮਾਨ ਇੱਕ ਲੱਖ ਪੰਜਾਹ ਹਜ਼ਾਰ ਮਣ ਕਣਕ ਅਤੇ ਚਾਰ ਹਜ਼ਾਰ ਲੀਟਰ ਕੁਟਵਾਂ ਤੇਲ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ ਹਰ ਸਾਲ ਦਿੰਦਾ ਸੀ।
12ਯਹੋਵਾਹ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ, ਜਿਵੇਂ ਉਸ ਉਹ ਦੇ ਨਾਲ ਬਚਨ ਕੀਤਾ ਸੀ ਅਤੇ ਹੀਰਾਮ ਅਤੇ ਸੁਲੇਮਾਨ ਦੇ ਵਿੱਚ ਸੁਲਾਹ ਸੀ ਅਤੇ ਉਨ੍ਹਾਂ ਨੇ ਇੱਕ ਦੂਜੇ ਨਾਲ ਨੇਮ ਬੰਨਿਆ।
13ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਤੋਂ ਬੇਗਾਰ ਲਈ ਅਤੇ ਬੇਗਾਰੀ ਤੀਹ ਹਜ਼ਾਰ ਮਨੁੱਖ ਸਨ।
14ਉਹ ਉਨ੍ਹਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੀ ਨਾਲ ਲਬਾਨੋਨ ਨੂੰ ਭੇਜਦਾ ਸੀ। ਇਸ ਤਰ੍ਹਾਂ ਉਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰੀਂ ਅਤੇ ਅਦੋਨੀਰਾਮ ਉਨ੍ਹਾਂ ਬੇਗ਼ਾਰੀਆਂ ਉੱਤੇ ਸੀ।
15ਸੁਲੇਮਾਨ ਦੇ ਸੱਤਰ ਹਜ਼ਾਰ ਪਾਂਡੀ ਅਤੇ ਅੱਸੀ ਹਜ਼ਾਰ ਪਰਬਤ ਵਿੱਚ ਕੱਟਣ ਵਾਲੇ ਸਨ।
16ਇਨ੍ਹਾਂ ਸਰਦਾਰਾਂ ਤੋਂ ਬਿਨਾਂ ਜਿਨ੍ਹਾਂ ਨੂੰ ਸੁਲੇਮਾਨ ਨੇ ਕੰਮ ਉੱਤੇ ਲਾਇਆ ਹੋਇਆ ਸੀ ਹੋਰ ਤਿੰਨ ਹਜ਼ਾਰ ਤਿੰਨ ਸੌ ਸਨ ਜੋ ਇਨ੍ਹਾਂ ਕੰਮ ਕਰਨ ਵਾਲਿਆਂ ਲੋਕਾਂ ਦੇ ਉੱਤੇ ਹੁਕਮ ਚਲਾਉਂਦੇ ਸਨ।
17ਤਦ ਉਹ ਪਾਤਸ਼ਾਹ ਦੇ ਹੁਕਮ ਨਾਲ ਵੱਡੇ ਪੱਥਰ ਅਤੇ ਬਹੁਮੁੱਲੇ ਪੱਥਰ ਕੱਢ ਲਿਆਏ ਕਿ ਭਵਨ ਦੀ ਨੀਂਹ ਘੜੇ ਹੋਏ ਪੱਥਰਾਂ ਨਾਲ ਰੱਖੀ ਜਾਵੇ।
18ਸੁਲੇਮਾਨ ਦੇ ਰਾਜ ਮਿਸਤਰੀਆਂ, ਹੀਰਾਮ ਦੇ ਰਾਜ ਮਿਸਤਰੀਆਂ ਅਤੇ ਗਿਬਲੀਆਂ ਨੇ ਉਨ੍ਹਾਂ ਨੂੰ ਘੜਿਆ ਅਤੇ ਉਨ੍ਹਾਂ ਨੇ ਭਵਨ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.