
1 ਇਤਿਹਾਸ 18
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਦਾਊਦ ਆਲੇ-ਦੁਆਲੇ ਦੇ ਦੁਸ਼ਮਣਾਂ ਨੂੰ ਹਰਾਉਂਦਾ ਤੇ ਖੇਤਰ ਵਿੱਚ ਕਾਬੂ ਸਥਾਪਿਤ ਕਰਦਾ ਹੈ। ਕਰ ਤੇ ਖੋਹੀਆਂ ਧਾਤਾਂ ਪਰਮੇਸ਼ੁਰ ਨੂੰ ਸਮਰਪਿਤ ਹੁੰਦੀਆਂ, ਜਦਕਿ ਵਿਵਸਥਿਤ ਪ੍ਰਸ਼ਾਸਨ ਵਧਦੇ ਰਾਜ ਵਿੱਚ ਨਿਆਂ ਤੇ ਸਥਿਰਤਾ ਸਹਾਰਦਾ ਹੈ।
ਜਿੱਤਸਮਰਪਣਨਿਆਂਪ੍ਰਸ਼ਾਸਨ
1ਇਸ ਤੋਂ ਬਾਅਦ ਦਾਊਦ ਨੇ ਫ਼ਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ, ਫ਼ਲਿਸਤੀਆਂ ਦੇ ਹੱਥੋਂ ਗਥ ਅਤੇ ਉਸ ਦੇ ਪਿੰਡਾਂ ਨੂੰ ਖੋਹ ਲਿਆ।
2ਫਿਰ ਉਸ ਨੇ ਮੋਆਬ ਦੇਸ ਨੂੰ ਜਿੱਤ ਲਿਆ, ਤਦ ਮੋਆਬੀ ਦਾਊਦ ਦੇ ਦਾਸ ਬਣ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ।
3ਦਾਊਦ ਨੇ ਸੋਬਾਹ ਦੇ ਰਾਜਾ ਹਦਦਅਜ਼ਰ ਨੂੰ ਵੀ ਹਮਾਥ ਤੱਕ ਜਿੱਤ ਲਿਆ, ਜਦੋਂ ਉਹ ਫ਼ਰਾਤ ਦਰਿਆ ਦੀ ਵੱਲ ਆਪਣਾ ਰਾਜ ਸਥਿਰ ਕਰਨ ਗਿਆ ਸੀ।
4ਅਤੇ ਦਾਊਦ ਨੇ ਉਸ ਤੋਂ ਇੱਕ ਹਜ਼ਾਰ ਰਥ, ਸੱਤ ਹਜ਼ਾਰ ਸਵਾਰ ਅਤੇ ਵੀਹ ਹਜ਼ਾਰ ਪਿਆਦੇ ਲੈ ਲਏ ਅਤੇ ਦਾਊਦ ਨੇ ਰੱਥਾਂ ਦੇ ਸਾਰੇ ਘੋੜਿਆਂ ਦੇ ਪੱਟਾਂ ਦੀਆਂ ਨਾੜਾਂ ਨੂੰ ਵੱਢ ਕੇ, ਉਹਨਾਂ ਨੂੰ ਲੰਗੜੇ ਕਰ ਦਿੱਤਾ ਪਰ ਉਨ੍ਹਾਂ ਵਿੱਚੋਂ ਇੱਕ ਸੌ ਰਥਾਂ ਦੇ ਲਈ ਘੋੜੇ ਬਚਾ ਰੱਖੇ।
5ਅਤੇ ਜਦੋਂ ਦੰਮਿਸ਼ਕ ਦੇ ਅਰਾਮੀ ਲੋਕ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਹਾਇਤਾ ਕਰਨ ਨੂੰ ਆਏ, ਤਾਂ ਦਾਊਦ ਨੇ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਮਾਰ ਸੁੱਟੇ।
6ਤਦ ਦਾਊਦ ਨੇ ਦੰਮਿਸ਼ਕ ਦੇ ਅਰਾਮ ਵਿੱਚ ਚੌਂਕੀਆਂ ਬਣਾਈਆਂ ਅਤੇ ਅਰਾਮ ਵਾਲੇ ਦਾਊਦ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ ਅਤੇ ਜਿੱਥੇ-ਜਿੱਥੇ ਵੀ ਦਾਊਦ ਜਾਂਦਾ ਸੀ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ
7ਅਤੇ ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ।
8ਅਤੇ ਹਦਦਅਜ਼ਰ ਦੇ ਨਗਰ ਟਿਬਹਥ ਅਤੇ ਕੂਨ ਵਿੱਚੋਂ ਦਾਊਦ ਢੇਰ ਸਾਰਾ ਪਿੱਤਲ ਲੈ ਆਇਆ, ਜਿਸ ਦੇ ਨਾਲ ਸੁਲੇਮਾਨ ਨੇ ਪਿੱਤਲ ਦਾ ਹੌਦ, ਥੰਮ੍ਹ ਅਤੇ ਪਿੱਤਲ ਦੇ ਭਾਂਡੇ ਬਣਾਏ।
9ਜਦ ਹਮਾਥ ਦੇ ਰਾਜਾ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜਾ ਹਦਦਅਜ਼ਰ ਦੀ ਸਾਰੀ ਫ਼ੌਜ ਨੂੰ ਨਸ਼ਟ ਕਰ ਦਿੱਤਾ ਹੈ,
10ਤਾਂ ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਦਾਊਦ ਰਾਜਾ ਕੋਲ ਭੇਜਿਆ, ਤਾਂ ਕਿ ਉਸ ਦੀ ਸੁੱਖ-ਸਾਂਦ ਦੀ ਖ਼ਬਰ ਲਿਆਵੇ ਅਤੇ ਉਸ ਨੂੰ ਵਧਾਈ ਦੇਵੇ, ਇਸ ਲਈ ਜੋ ਉਸ ਨੇ ਹਦਦਅਜ਼ਰ ਨਾਲ ਯੁੱਧ ਕਰ ਕੇ ਜਿੱਤ ਪਾਈ, ਕਿਉਂ ਜੋ ਹਦਰਅਜ਼ਰ ਤੋਊ ਨਾਲ ਸਦਾ ਲੜਦਾ ਰਹਿੰਦਾ ਸੀ, ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ।
11ਅਤੇ ਦਾਊਦ ਪਾਤਸ਼ਾਹ ਨੇ ਉਨ੍ਹਾਂ ਨੂੰ ਵੀ ਉਸ ਚਾਂਦੀ ਅਤੇ ਸੋਨੇ ਦੇ ਨਾਲ, ਜਿਹੜੇ ਉਸ ਨੇ ਸਰਬੱਤ ਕੌਮਾਂ ਤੋਂ ਅਰਥਾਤ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਏ ਸਨ, ਯਹੋਵਾਹ ਦੇ ਅੱਗੇ ਅਰਪਣ ਕਰ ਦਿੱਤੇ
12ਅਤੇ ਅਬੀਸ਼ਈ ਸਰੂਯਾਹ ਦੇ ਪੁੱਤਰ ਨੇ ਲੂਣ ਦੀ ਵਾਦੀ ਵਿੱਚ ਅਦੋਮੀਆਂ ਵਿੱਚੋਂ ਅਠਾਰਾਂ ਹਜ਼ਾਰ ਜਣੇ ਮਾਰ ਸੁੱਟੇ।
13ਉਸ ਨੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮੀ ਵੀ ਦਾਊਦ ਦੇ ਅਧੀਨ ਹੋ ਗਏ ਅਤੇ ਜਿੱਥੇ-ਜਿੱਥੇ ਵੀ ਦਾਊਦ ਗਿਆ, ਯਹੋਵਾਹ ਉਸ ਨੂੰ ਜਿੱਤ ਬਖ਼ਸ਼ਦਾ ਸੀ।
14ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਸਾਰੀ ਪਰਜਾ ਨਾਲ ਧਰਮ ਅਤੇ ਨਿਆਂ ਕਰਦਾ ਸੀ।
15ਸਰੂਯਾਹ ਦਾ ਪੁੱਤਰ ਯੋਆਬ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ।
16ਅਤੇ ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬੀਮਲਕ, ਅਬਯਾਥਾਰ ਦਾ ਪੁੱਤਰ ਜਾਜਕ ਸਨ ਅਤੇ ਸ਼ੌਵਸ਼ਾ ਮੁਨਸ਼ੀ ਸੀ
17ਅਤੇ ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਪ੍ਰਧਾਨ ਸੀ ਅਤੇ ਦਾਊਦ ਦੇ ਪੁੱਤਰ ਰਾਜੇ ਦੇ ਵਜ਼ੀਰ ਸਨ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.
Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.