Levites carrying the ark on poles as David and musicians celebrate before Jerusalem

1 ਇਤਿਹਾਸ 15

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਅਧਿਆਇ ਸਾਰ
ਦਾਊਦ ਸੰਦੂਕ ਲਈ ਥਾਂ ਤਿਆਰ ਕਰਦਾ ਤੇ ਜ਼ੋਰ ਦਿੰਦਾ ਹੈ ਕਿ ਪਵਿੱਤਰ ਲੇਵੀ ਇਸ ਨੂੰ ਹਿਦਾਇਤ ਅਨੁਸਾਰ ਚੁੱਕਣ। ਗਵਈਏ ਤੇ ਸੰਗੀਤਕਾਰ ਖੁਸ਼ੀ ਭਰੇ ਜਲੂਸ ਦੀ ਅਗਵਾਈ ਯਰੂਸ਼ਲਮ ਵਿੱਚ ਕਰਦੇ ਹਨ ਜਦਕਿ ਮੀਕਲ ਨਫ਼ਰਤ ਨਾਲ ਵੇਖਦੀ ਹੈ।
ਤਿਆਰੀਸੰਦੂਕਖੁਸ਼ੀਸ਼ਰਧਾ
1ਦਾਊਦ ਨੇ ਆਪਣੇ ਲਈ ਆਪਣੇ ਨਗਰ ਵਿੱਚ ਮਹਿਲ ਬਣਾਵੇ, ਉਸ ਨੇ ਪਰਮੇਸ਼ੁਰ ਦੇ ਸੰਦੂਕ ਲਈ ਇੱਕ ਸਥਾਨ ਬਣਵਾਇਆ ਅਤੇ ਉਸ ਦੇ ਲਈ ਇੱਕ ਤੰਬੂ ਖੜਾ ਕੀਤਾ।
2ਉਸ ਵੇਲੇ ਦਾਊਦ ਨੇ ਆਖਿਆ, “ਲੇਵੀਆਂ ਤੋਂ ਬਿਨ੍ਹਾਂ ਕੋਈ ਪਰਮੇਸ਼ੁਰ ਦੇ ਸੰਦੂਕ ਦੇ ਚੁੱਕਣ ਜੋਗ ਨਹੀਂ, ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕਣ ਲਈ ਅਤੇ ਸਦਾ ਤੱਕ ਉਸ ਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।”
3ਦਾਊਦ ਨੇ ਸਾਰੇ ਇਸਰਾਏਲ ਨੂੰ ਯਰੂਸ਼ਲਮ ਵਿੱਚ ਸੱਦ ਕੇ ਇਕੱਠਾ ਕੀਤਾ ਤਾਂ ਕਿ ਉਹ ਯਹੋਵਾਹ ਦੇ ਸੰਦੂਕ ਨੂੰ ਉਸ ਸਥਾਨ ਵਿੱਚ ਲੈ ਆਉਣ, ਜਿਹੜਾ ਉਸ ਨੇ ਉਹ ਦੇ ਲਈ ਤਿਆਰ ਕੀਤਾ ਸੀ।
4ਅਤੇ ਦਾਊਦ ਨੇ ਹਾਰੂਨ ਦੇ ਵੰਸ਼ ਨੂੰ ਅਤੇ ਲੇਵੀਆਂ ਨੂੰ ਇਕੱਠਾ ਕੀਤਾ,
5ਕਹਾਥੀਆਂ ਵਿੱਚੋਂ ਸਰਦਾਰ ਊਰੀਏਲ ਤੇ ਉਹ ਦੇ ਭਰਾ, ਇੱਕ ਸੌ ਵੀਹ
6ਮਰਾਰੀਆਂ ਵਿੱਚੋਂ ਉਹ ਦੇ ਸਰਦਾਰ ਅਸਾਯਾਹ ਤੇ ਉਹ ਦੇ ਭਰਾ, ਦੋ ਸੌ ਵੀਹ
7ਗੇਰਸ਼ੋਮੀਆਂ ਵਿੱਚੋਂ ਸਰਦਾਰ ਯੋਏਲ ਤੇ ਉਹ ਦਾ ਭਰਾ, ਇੱਕ ਸੌ ਤੀਹ
8ਅਲੀਸਾਫ਼ਾਨ ਦੇ ਪੁੱਤਰਾਂ ਵਿੱਚੋਂ ਸਰਦਾਰ ਸ਼ਮਅਯਾਹ ਤੇ ਉਹ ਦੇ ਭਰਾ, ਦੋ ਸੌ
9ਹਬਰੋਨ ਦੇ ਪੁੱਤਰਾਂ ਵਿੱਚੋਂ ਸਰਦਾਰ ਅਲੀਏਲ ਤੇ ਉਹ ਦੇ ਭਰਾ, ਅੱਸੀ
10ਉੱਜ਼ੀਏਲ ਦੇ ਪੁੱਤਰਾਂ ਵਿੱਚੋਂ ਸਰਦਾਰ ਅੰਮੀਨਾਦਾਬ ਤੇ ਉਹ ਦੇ ਭਰਾ, ਇੱਕ ਸੌ ਬਾਰਾਂ
11ਅਤੇ ਦਾਊਦ ਨੇ ਸਾਦੋਕ ਤੇ ਅਬਯਾਥਾਰ ਜਾਜਕਾਂ ਨੂੰ ਅਤੇ ਊਰੀਏਲ, ਅਸਾਯਾਹ ਤੇ ਯੋਏਲ, ਸ਼ਮਅਯਾਹ ਤੇ ਅਲੀਏਲ ਤੇ ਅੰਮੀਨਾਦਾਬ ਲੇਵੀਆਂ ਨੂੰ ਸੱਦਿਆ
12ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਹੋ। ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਨਾਲੇ ਤੁਸੀਂ ਤੇ ਤੁਹਾਡੇ ਭਰਾ ਵੀ ਤਾਂ ਕਿ ਤੁਸੀਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉਸ ਸਥਾਨ ਉੱਤੇ ਲੈ ਆਓ, ਜਿਹੜਾ ਮੈਂ ਉਸ ਲਈ ਤਿਆਰ ਕੀਤਾ ਹੈ।
13ਤੁਸੀਂ ਲੋਕਾਂ ਨੇ ਪਹਿਲੀ ਵਾਰੀ ਸੰਦੂਕ ਨਾ ਚੁੱਕਿਆ, ਇਸ ਲਈ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਉੱਤੇ ਕ੍ਰੋਧਿਤ ਹੋਇਆ, ਕਿਉਂਕਿ ਅਸੀਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।
14ਤਦ ਜਾਜਕਾਂ ਅਤੇ ਲੇਵੀਆਂ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਲਿਆਉਣ ਲਈ, ਆਪਣੇ ਆਪ ਨੂੰ ਪਵਿੱਤਰ ਕੀਤਾ।
15ਲੇਵੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਚੋਬਾਂ ਨਾਲ ਆਪਣੇ ਮੋਢੇ ਉੱਤੇ ਚੁੱਕਿਆ, ਜਿਵੇਂ ਮੂਸਾ ਨੇ ਯਹੋਵਾਹ ਦੀ ਬਾਣੀ ਦੇ ਅਨੁਸਾਰ ਆਗਿਆ ਦਿੱਤੀ ਸੀ।
16ਦਾਊਦ ਨੇ ਲੇਵੀਆਂ ਦੇ ਸਰਦਾਰਾਂ ਨੂੰ ਆਗਿਆ ਦਿੱਤੀ ਜੋ ਆਪਣੇ ਭਰਾਵਾਂ ਵਿੱਚੋਂ ਗਵੱਈਯਾਂ ਨੂੰ ਠਹਿਰਾਉਣ, ਤਾਂ ਕਿ ਉਹ ਜੈ ਕਾਰ ਤੇ ਵਜੰਤਰ ਅਰਥਾਤ ਤੰਬੂਰੇ, ਸਤਾਰਾਂ, ਮਜੀਰੇ ਛੇੜਨ, ਉੱਚੀਆਂ ਸੁਰਾਂ ਕਰ ਕੇ ਅਨੰਦਤਾਈ ਦੇ ਨਾਲ ਗਾਉਣ।
17ਸੋ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਠਹਿਰਾਇਆ, ਨਾਲੇ ਉਹ ਦੇ ਭਰਾਵਾਂ ਵਿੱਚੋਂ ਬਰਕਯਾਹ ਦੇ ਪੁੱਤਰ ਆਸਾਫ਼ ਨੂੰ ਅਤੇ ਉਨ੍ਹਾਂ ਦੇ ਮਰਾਰੀ ਭਰਾਵਾਂ ਵਿੱਚੋਂ ਕੂਸ਼ਾਯਾਹ ਦੇ ਪੁੱਤਰ ਏਥਾਨ ਨੂੰ
18ਅਤੇ ਉਨ੍ਹਾਂ ਦੇ ਭਰਾਵਾਂ ਨੂੰ ਜਿਹੜੇ ਦੂਜੇ ਦਰਜੇ ਦੇ ਸਨ, ਜ਼ਕਰਯਾਹ, ਬੇਨ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਅਸੇਯਾਹ, ਮੱਤਿਥਯਾਹ, ਅਲੀਫਲੇਹੂ, ਮਿਕਨੇਯਾਹ, ਓਬੇਦ-ਅਦੋਮ ਅਤੇ ਯਈਏਲ ਦਰਬਾਨਾਂ ਨੂੰ
19ਅਤੇ ਹੇਮਾਨ, ਆਸਾਫ਼ ਤੇ ਏਥਾਨ ਗਵੱਯੇ ਪਿੱਤਲ ਦੇ ਛੈਣਿਆਂ ਨਾਲ ਵਜਾਉਣ ਲਈ ਠਹਿਰਾਏ ਗਏ
20ਅਤੇ ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਅਸੇਯਾਹ, ਬਨਾਯਾਹ ਅਤੇ ਅਲਾਮੋਥ ਸੁਰ ਉੱਤੇ ਸਿਤਾਰਾਂ ਨਾਲ
21ਅਤੇ ਮੱਤਿਥਯਾਹ ਤੇ ਅਲੀਫਲੇਹੂ ਤੇ ਮਿਕਨੇਯਾਹ ਤੇ ਓਬੇਦ-ਅਦੋਮ ਤੇ ਯਈਏਲ ਤੇ ਅਜ਼ਜ਼ਯਾਹ, ਕਿ ਉਹ ਸ਼ਮੀਨੀਥ ਸੂਰ ਉੱਤੇ ਬਰਬਤਾਂ ਨਾਲ ਅਗਵਾਈ ਕਰਨ
22ਅਤੇ ਲੇਵੀਆਂ ਦਾ ਸਰਦਾਰ ਕਾਨਨਯਾਹ ਗਾਉਣ ਲਈ। ਉਹ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਵੱਡਾ ਗੁਣੀ ਸੀ
23ਅਤੇ ਬਰਕਯਾਹ ਤੇ ਅਲਕਾਨਾਹ ਸੰਦੂਕ ਦੇ ਦਰਬਾਨ ਸਨ
24ਅਤੇ ਸ਼ਬਨਯਾਹ, ਯੋਸ਼ਾਫ਼ਾਤ ਨਥਨਏਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕ ਤੁਰ੍ਹੀਆਂ ਉੱਤੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਵਜਾਉਂਦੇ ਸਨ ਅਤੇ ਓਬੇਦ-ਅਦੋਮ ਤੇ ਯਿਹਯਾਹ ਸੰਦੂਕ ਦੇ ਦਰਬਾਨ ਸਨ।
25ਸੋ ਦਾਊਦ ਤੇ ਇਸਰਾਏਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਸਰਦਾਰ ਤੁਰ ਪਏ ਤਾਂ ਜੋ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ ਅਨੰਦ ਨਾਲ ਚੁੱਕ ਲਿਆਉਣ।
26ਅਤੇ ਅਜਿਹਾ ਹੋਇਆ, ਕਿ ਜਿਸ ਵੇਲੇ ਪਰਮੇਸ਼ੁਰ ਨੇ ਉਨ੍ਹਾਂ ਲੇਵੀਆਂ ਦੀ ਸਹਾਇਤਾ ਕੀਤੀ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸੱਤ ਬਲ਼ਦ ਅਤੇ ਸੱਤ ਮੇਂਢੇ ਬਲੀਦਾਨ ਲਈ ਚੜਾਏ।
27ਦਾਊਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਈਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਊਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ।
28ਅਤੇ ਸਾਰੇ ਇਸਰਾਏਲ ਨੇ ਜੈਕਾਰਾ ਬੁਲਾਉਂਦੇ, ਤੁਰ੍ਹੀਆਂ ਤੇ ਨਰਸਿੰਗੇ ਫੂਕਦੇ-ਫੂਕਦੇ ਅਤੇ ਮਜੀਰਿਆਂ, ਸਿਤਾਰਾਂ ਤੇ ਬੀਨਾਂ ਨੂੰ ਉੱਚੀ ਅਵਾਜ਼ ਨਾਲ ਵਜਾਉਂਦਿਆਂ ਹੋਇਆਂ, ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਲਿਆਏ।
29ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਵਿੱਚ ਪਹੁੰਚਿਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਬਾਰੀ ਵਿੱਚੋਂ ਦੀ ਝਾਤੀ ਮਾਰੀ ਅਤੇ ਦੇਖਿਆ ਕਿ ਦਾਊਦ ਰਾਜਾ ਨੱਚਦਾ ਅਤੇ ਕੁੱਦਦਾ ਹੈ, ਤਾਂ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਣਿਆ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ — CC BY-SA 4.0. Where these translations come from.

Copyright © 2017, 2019 Bridge Connectivity Solutions. Supplied unaltered through eBible.org. Text unchanged, used under CC BY-SA 4.0.